ਬੀਤੇ ਕੱਲ੍ਹ ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ, ਵਕੀਲ ਅਤੇ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਮੁਨਸ਼ੀ ਹਰਪਾਲ ਸਿੰਘ ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਅੱਜ ਪੱਤਰਕਾਰਾਂ ਅਤੇ ਵਕੀਲਾਂ ਦਾ ਵਫ਼ਦ ਡੀਐੱਸਪੀ ਜਲਾਲਾਬਾਦ ਜਸਪਾਲ ਸਿੰਘ ਢਿੱਲੋਂ ਅਤੇ ਐਸਐਚਓ ਸਿਟੀ ਲੇਖ ਰਾਜ ਬੱਟੀ ਨੂੰ ਮਿਲਿਆ ।
ਵਕੀਲਾਂ ਦੇ ਵਫ਼ਦ ਦੀ ਅਗਵਾਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਕੇਤ ਬਜਾਜ ਅਤੇ ਜਨਰਲ ਸਕੱਤਰ ਕਰਨ ਚੁੱਚਰਾ ਨੇ ਕੀਤੀ ਜਦ ਕਿ ਪੱਤਰਕਾਰਾਂ ਦੇ ਵਫਦ ਦੀ ਅਗਵਾਈ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਟੋਨੀ ਛਾਬੜਾ ਅਤੇ ਸਕੱਤਰ ਕੁਲਦੀਪ ਸਿੰਘ ਬਰਾੜ ਨੇ ਕੀਤੀ ।
ਵਕੀਲਾਂ ਅਤੇ ਪੱਤਰਕਾਰਾਂ ਨੇ ਪੁਲਿਸ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਮੁਨਸ਼ੀ ਹਰਪਾਲ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਨ੍ਹਾਂ ਦੋ ਦਿਨ ਦਾ ਅਲਟੀਮੇਟਮ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਦੇ ਅੰਦਰ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਵਕੀਲ ਅਤੇ ਪੱਤਰਕਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ।
ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਕੀਲ ਭਾਈਚਾਰੇ ਤੇ ਕੀਤਾ ਗਿਆ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਖ਼ਤ ਚਿਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੋ ਦਿਨਾਂ ਦੇ ਅੰਦਰ ਅੰਦਰ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਉਹ ਪਹਿਲਾਂ ਬਲਾਕ ਪੱਧਰ ਤੇ ਫਿਰ ਜ਼ਿਲ੍ਹਾ ਪੱਧਰ ਤੇ ਉਸ ਤੋ ਬਾਦ ਪੂਰੇ ਪੰਜਾਬ ਚ ਇਸਨੂੰ ਲੈ ਕੇ ਹੜਤਾਲ ਕਰਨਗੇ।
ਜ਼ਿਕਰਯੋਗ ਹੈ ਕਿ ਕੱਲ੍ਹ ਵਕੀਲ ਅਤੇ ਪੱਤਰਕਾਰ ਪਰਮਜੀਤ ਢਾਬਾਂ ਉੱਤੇ ਹਮਲੇ ਤੋਂ ਬਾਅਦ ਜਦੋਂ ਮਾਮਲਾ ਐਸਐਸਪੀ ਫਾਜ਼ਿਲਕਾ ਭੁਪਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੁਨਸ਼ੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ ।