Ex-Bangladesh Chief Justice Arrest Warrant: ਢਾਕਾ: ਬੰਗਲਾਦੇਸ਼ ਦੇ ਪ੍ਰਥਮ ਹਿੰਦੂ ਮੁੱਖ ਜੱਜ ਸੁਰਿੰਦਰ ਕੁਮਾਰ ਸਿਨਹਾ ਖਿਲਾਫ਼ ਗਬਨ ਦੇ ਦੋਸ਼ਾਂ ਨੂੰ ਲੈ ਕੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ । ਇਸ ਸਬੰਧੀ ਐਤਵਾਰ ਨੂੰ ਅਦਾਲਤ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ । ਦਰਅਸਲ, ਅਮਰੀਕਾ ਵਿੱਚ ਰਹਿ ਰਹੇ ਸੁਰਿੰਦਰ ਕੁਮਾਰ ਸਿਨਹਾ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਵੱਲੋਂ ਆਪਣੇ ਦੋਸ਼ ਪੱਤਰ ਵਿਚ ਭਗੌੜਾ ਐਲਾਨਿਆ ਗਿਆ ਹੈ ।
ਦੱਸ ਦੇਈਏ ਕਿ ਢਾਕਾ ਦੇ ਸੀਨੀਅਰ ਸਪੈਸ਼ਲ ਜੱਜ ਕੋਰਟ ਦੇ ਨਿਆਂਧੀਸ਼ ਕੇ.ਐੱਮ. ਐਮਰੂਲ ਕਾਯੇਸ਼ ਵੱਲੋਂ ਸਿਨਹਾ ਅਤੇ 10 ਹੋਰਾਂ ਖਿਲਾਫ਼ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਨੋਟਿਸ ਲਿਆ ਗਿਆ ਹੈ । ਇਸ ਮਾਮਲੇ ਵਿੱਚ ਸਰਕਾਰੀ ਵਕੀਲ ਤਾਪਸ ਕੁਮਾਰ ਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੱਜ ਨੇ ਸਾਲ 2016 ਵਿੱਚ ਕਰੀਬ ਚਾਰ ਕਰੋੜ ਦਾ ਗਬਨ ਕਰਨ ਅਤੇ ਮਨੀ ਲਾਂਡਰਿੰਗ ਕਰਨ ਦੇ ਦੋਸ਼ ਵਿੱਚ ਸਿਨਹਾ ਦੇ ਨਾਲ 10 ਹੋਰ ਦੀ ਗ੍ਰਿਫਤਾਰੀ ਦਾ ਆਦੇਸ਼ ਦਿੱਤਾ ਗਿਆ ਹੈ ।
ਦਰਅਸਲ, ਸਿਨਹਾ ਤੋਂ ਇਲਾਵਾ ਬਾਕੀ ਦੋਸ਼ੀ ਫਾਰਮਰਜ਼ ਬੈਂਕ ਦੇ ਸਾਬਕਾ ਪ੍ਰਬੰਧ ਨਿਦੇਸ਼ਕ ਸਮੇਤ ਸਾਬਕਾ ਸੀਨੀਅਰ ਅਧਿਕਾਰੀ ਹਨ । ਇਸ ਬਾਰੇ ਪਾਲ ਨੇ ਦੱਸਿਆ ਕਿ ACC ਵੱਲੋਂ ਆਪਣੇ ਦੋਸ਼ ਪੱਤਰ ਵਿੱਚ ਸਾਰੇ 11 ਦੋਸ਼ੀਆਂ ਨੂੰ ਭਗੌੜਾ ਐਲਾਨਿਆ ਗਿਆ ਹੈ ।
ਦੱਸ ਦੇਈਏ ਕਿ ਸਿਨਹਾ ਜਨਵਰੀ 2015 ਤੋਂ ਨਵੰਬਰ 2017 ਤੱਕ ਬੰਗਲਾਦੇਸ਼ ਦੇ 21ਵੇਂ ਮੁੱਖ ਜੱਜ ਰਹੇ ਹਨ । ਸਰਕਾਰ ਦੇ ਨਾਲ ਵਿਵਾਦ ਦੇ ਵਿੱਚ ਅਹੁਦਾ ਛੱਡਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਸਿਨਹਾ ਆਪਣੀ ਆਤਮਕਥਾ ਨੂੰ ਲੈ ਕੇ ਸਿਆਸੀ ਗਲੀਆਰੇ ਵਿੱਚ ਆ ਗਏ ਸਨ ।