Terrorists Surrender Assam: ਅਸਾਮ ਦੇ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਵੀਰਵਾਰ ਨੂੰ ਅਸਾਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਦੀ ਮੌਜੂਦਗੀ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਅੱਤਵਾਦੀਆਂ ਨੇ ਪੁਲਿਸ ਕੋਲ 177 ਹਥਿਆਰ ਵੀ ਜਮ੍ਹਾ ਕਰਵਾਏ ਸਨ। ਅਸਾਮ ਦੇ ਡੀ.ਜੀ.ਪੀ ਭਾਸਕਰ ਜੋਤੀ ਮਹੰਤ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਹੰਤ ਨੇ ਕਿਹਾ ਕਿ ਅੱਜ ਦਾ ਦਿਨ ਅਸਾਮ ਸਰਕਾਰ ਅਤੇ ਪੁਲਿਸ ਲਈ ਵਿਸ਼ੇਸ਼ ਦਿਨ ਹੈ। ਇਹ ਸਾਰੇ ਅੱਤਵਾਦੀ ਯੂ.ਐੱਲ.ਐੱਫ.ਏ, ਐਨ.ਡੀ.ਐਫ.ਬੀ, ਆਰ.ਐਨ.ਐਲ.ਐਫ, ਕੇ.ਐਲ.ਓ, ਸੀ.ਪੀ.ਆਈ (ਮਾਓਵਾਦੀ), ਐਨ.ਐਸ.ਐਲ.ਏ, ਏ.ਡੀ.ਐਫ ਅਤੇ ਐਨ.ਐਲ.ਐਫ.ਬੀ ਦੇ ਮੈਂਬਰ ਸਨ।
ਡੀ.ਜੀ.ਪੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅੱਤਵਾਦੀਆਂ ਦਾ ਇਹ ਸਭ ਤੋਂ ਵੱਡਾ ਸਮਰਪਣ ਹੈ। ਇਸ ਤੋਂ ਪਹਿਲਾਂ 31 ਦਸੰਬਰ ਨੂੰ ਵੀ ਅਧਿਕਾਰੀਆਂ ਨੇ ਦੱਸਿਆ ਸੀ ਕਿ 8 ਦਸੰਬਰ ਤੋਂ ਪਿਛਲੇ ਤਿੰਨ ਹਫ਼ਤਿਆਂ ਦੌਰਾਨ 240 ਤੋਂ ਵੱਧ ਅੱਤਵਾਦੀਆਂ ਨੇ ਆਸਾਮ ਵਿੱਚ ਆਤਮਸਮਰਪਣ ਕੀਤਾ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਇਹ ਅੱਤਵਾਦੀ ਪਿੱਛਲੇ ਦਹਾਕੇ ਤੋਂ ਦੱਖਣੀ ਅਸਾਮ, ਮਿਜ਼ੋਰਮ ਅਤੇ ਉੱਤਰੀ ਤ੍ਰਿਪੁਰਾ ਵਿੱਚ ਅਗਵਾ ਕਰਨ ਸਮੇਤ ਹਿੰਸਕ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਏ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਐਨ.ਡੀ.ਐਫ.ਬੀ ਨੇ ਆਪਣੇ ਕੰਮਕਾਜ ਨੂੰ ਖਤਮ ਕਰਨ ਲਈ ਸਰਕਾਰ ਨਾਲ ਇੱਕ ਦੁਵੱਲੇ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਸਮਝੌਤੇ ਦੇ ਅਨੁਸਾਰ ਐਨ,ਡੀ,ਐਫ,ਬੀ, ਕਿੰਗਪਿਨ ਬੀ. ਸੌਰੈਗਾਵਰਾ ਸਮੇਤ ਸਾਰੀਆਂ ਅੱਤਵਾਦੀ ਹਿੰਸਕ ਗਤੀਵਿਧੀਆਂ ਨੂੰ ਰੋਕ ਦੇਵੇਗਾ। ਇਸ ਤਿਕੋਣੀ ਸਮਝੌਤੇ ਵਿੱਚ ਐਨ.ਡੀ.ਐਫ.ਬੀ, ਕੇਂਦਰ ਸਰਕਾਰ ਅਤੇ ਅਸਾਮ ਸਰਕਾਰ ਸ਼ਾਮਲ ਸੀ। ਸੌਰੈਗਾਵਰਾ ਦੇ ਨਾਲ ਐਨ.ਡੀ.ਐਫ.ਬੀ ਦੇ ਕਈ ਸਰਗਰਮ ਮੈਂਬਰ 11 ਜਨਵਰੀ ਨੂੰ ਮਿਆਂਮਾਰ ਤੋਂ ਭਾਰਤ ਪਹੁੰਚੇ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਜ਼ਿਲ੍ਹਾ ਅਧਿਕਾਰੀ ਪਿਛਲੇ ਤਿੰਨ ਸਾਲਾਂ ਤੋਂ ਇਨ੍ਹਾਂ ਅੱਤਵਾਦੀਆਂ ਨਾਲ ਗੱਲਬਾਤ ਕਰ ਰਹੇ ਸਨ ।