ind vs nz xi: ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ 0-3 ਨਾਲ ਹਾਰਨ ਤੋਂ ਬਾਅਦ ਟੀਮ ਇੰਡੀਆ ਹੁਣ ਟੈਸਟ ਸੀਰੀਜ਼ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। ਭਾਰਤੀ ਟੀਮ ਨੂੰ 21 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਝਟਕਾ ਲੱਗਾ ਹੈ। ਦਰਅਸਲ, ਹੈਮਿਲਟਨ ਵਿਖੇ ਨਿਊਜ਼ੀਲੈਂਡ ਇਲੈਵਨ ਖਿਲਾਫ ਤਿੰਨ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ 263 ਦੌੜਾਂ ‘ਤੇ ਸਿਮਟ ਗਈ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੇ ਆਪਣਾ ਪਹਿਲਾ ਵਿਕਟ ਸਿਫਰ ‘ਤੇ ਗੁਆ ਦਿੱਤਾ, ਜਦੋਂ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਬਿਨਾਂ ਖਾਤਾ ਖੋਲ੍ਹੇ ਵਾਪਿਸ ਪਰਤ ਗਏ। ਇਸ ਤੋਂ ਬਾਅਦ ਮਯੰਕ ਅਗਰਵਾਲ ਵੀ ਜਲਦੀ ਹੀ ਆਊਟ ਹੋ ਗਏ। ਸ਼ਾਨਦਾਰ ਫਾਰਮ ‘ਚ ਚੱਲ ਰਹੇ ਸ਼ੁਭਮਨ ਗਿੱਲ ਵੀ ਕੁਝ ਨਹੀਂ ਕਰ ਸਕੇ ਅਤੇ ਭਾਰਤ ਨੇ ਆਪਣੀਆਂ 3 ਵਿਕਟਾਂ ਸਿਰਫ 5 ਦੌੜਾਂ ‘ਤੇ ਗੁਆ ਦਿੱਤੀਆਂ। ਕਪਤਾਨ ਵਿਰਾਟ ਕੋਹਲੀ ਨੇ ਅਭਿਆਸ ਮੈਚ ਦੀ ਬਜਾਏ ਨੈੱਟ ਅਭਿਆਸ ਨੂੰ ਤਰਜੀਹ ਦਿੱਤੀ ਹੈ।
ਅਜਿੰਕਿਆ ਰਹਾਣੇ ਵੀ ਜਿਆਦਾ ਦੇਰ ਤੱਕ ਨਹੀਂ ਖੇਡ ਸਕੇ। ਭਾਰਤ ਨੇ ਆਪਣੇ ਚਾਰ ਚੋਟੀ ਦੇ ਬੱਲੇਬਾਜ਼ 38 ਦੌੜਾਂ ‘ਤੇ ਗੁਆ ਦਿੱਤੇ। ਇਸ ਤੋਂ ਬਾਅਦ ਟੈਸਟ ਦੇ ਮਾਹਿਰ ਚੇਤੇਸ਼ਵਰ ਪੁਜਾਰਾ ਅਤੇ ਉਪਯੋਗੀ ਆਲਰਾਊਂਡਰ ਹਨੁਮਾ ਵਿਹਾਰੀ ਨੇ ਪੰਜਵੇਂ ਵਿਕਟ ਲਈ 195 ਦੌੜਾਂ ਦੀ ਸਾਂਝੇਦਾਰੀ ਕੀਤੀ। 32 ਸਾਲਾ ਪੁਜਾਰਾ ਸੈਂਕੜੇ ਤੋਂ ਖੁੰਝ ਗਿਆ, ਜਦਕਿ ਹਨੁਮਾ ਬਿਹਾਰੀ 101 ਦੌੜਾਂ ਬਣਾ ਕੇ ਆਊਟ ਹੋਇਆ। ਹਾਲਾਂਕਿ ਇਸ ਮੈਚ ਨੂੰ ਪਹਿਲੀ ਸ਼੍ਰੇਣੀ ਦਾ ਦਰਜਾ ਹਾਸਿਲ ਨਹੀਂ ਹੈ। ਭਾਰਤ ਨੇ ਆਖਰੀ ਛੇ ਵਿਕਟਾਂ 30 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਸਨ। ਰਿਸ਼ਭ ਪੰਤ ਅਤੇ ਰਿਧੀਮਾਨ ਸਾਹਾ ਵੀ ਅਭਿਆਸ ਮੈਚ ‘ਚ ਕੁਝ ਕਰਨ’ ਚ ਅਸਫਲ ਰਹੇ ਹਨ। ਨਿਊਜ਼ੀਲੈਂਡ ਇਲੈਵਨ ਲਈ ਤੇਜ਼ ਗੇਂਦਬਾਜ਼ ਸਕਾਟ ਕੁਗੇਲਿਨ ਅਤੇ ਲੈੱਗ ਸਪਿਨਰ ਈਸ਼ ਸੋਢੀ ਨੇ 3-3 ਵਿਕਟਾਂ ਹਾਸਿਲ ਕੀਤੀਆਂ ਸਨ।