neil wagner ahead: ਸ਼ੁੱਕਰਵਾਰ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਮੈਚ ਲਈ ਮੈਟ ਹੈਨਰੀ ਨੂੰ ਨਿਊਜ਼ੀਲੈਂਡ ਦੀ ਟੀਮ ਵਿੱਚ ਨੀਲ ਵੈਗਨਰ ਦੇ ਕਵਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ ਬੇਸਿਨ ਰਿਜ਼ਰਵ ਮੈਦਾਨ ਵਿੱਚ ਖੇਡਿਆ ਜਾਵੇਗਾ। ਵੇਗਨਰ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਉਡੀਕ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਪਹਿਲੇ ਟੈਸਟ ਤੋਂ ਬਾਹਰ ਹੋ ਸਕਦਾ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਟੀ -20 ਮੈਚਾਂ ਦੀ ਲੜੀ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 5-0 ਦੇ ਫਰਕ ਨਾਲ ਹਰਾਇਆ, ਪਰ ਇਸਦੇ ਬਾਅਦ,ਨਿਊਜ਼ੀਲੈਂਡ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿੱਚ 3-0 ਦੀ ਇਕਪਾਸੜ ਜਿੱਤ ਦਰਜ ਕੀਤੀ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਲਿਖਿਆ, “ਮੈਟ ਹੈਨਰੀ ਨੂੰ ਨੀਲ ਵੇਗਨਰ ਦੇ ਕਵਰ ਵਜੋਂ ਟੀਮ’ ਚ ਸ਼ਾਮਿਲ ਕੀਤਾ ਗਿਆ ਹੈ। ਵੇਗਨਰ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਉਡੀਕ ਕਰ ਰਹੇ ਹਨ।”
ਜ਼ਿਕਰਯੋਗ ਹੈ ਕਿ ਨੀਲ ਵੇਗਨਰ ਇਸ ਸਮੇਂ ਟੈਸਟ ਕ੍ਰਿਕਟ ਵਿੱਚ ਨਿਊਜ਼ੀਲੈਂਡ ਦਾ ਪ੍ਰਮੁੱਖ ਗੇਂਦਬਾਜ਼ ਹੈ। ਆਸਟ੍ਰੇਲੀਆ ਖਿਲਾਫ ਤਾਜ਼ਾ ਟੈਸਟ ਲੜੀ ਵਿੱਚ ਵੇਗਨਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵੈਗਨਰ ਨੇ ਹੁਣ ਤੱਕ 47 ਟੈਸਟ ਮੈਚਾਂ ਵਿੱਚ 26.63 ਦੀ ਔਸਤ ਨਾਲ 204 ਵਿਕਟਾਂ ਲਈਆਂ ਹਨ, ਇੱਕ ਪਾਰੀ ਵਿੱਚ 9 ਵਾਰ ਉਸ ਨੇ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।
ਆਪਣੇ ਦੇਸ਼ ਲਈ 13 ਟੈਸਟ ਮੈਚ ਖੇਡਣ ਵਾਲੇ ਹੈਨਰੀ ਨੂੰ 13 ਮੈਂਬਰੀ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ। ਉਸ ਦੀ ਜਗ੍ਹਾ ‘ਤੇ, ਤੇਜ਼ ਗੇਂਦਬਾਜ਼ ਕਾਈਲ ਜੈਮਿਸਨ ਨੂੰ ਟੀਮ ਵਿੱਚ ਮੌਕਾ ਮਿਲਿਆ ਸੀ। ਜੇਕਰ ਵੇਗਨਰ ਪਹਿਲੇ ਟੈਸਟ ਮੈਚ ਵਿੱਚ ਨਹੀਂ ਖੇਡਦਾ, ਤਾਂ ਜੈਮਿਸਨ ਨੂੰ ਆਪਣਾ ਟੈਸਟ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਹੈਨਰੀ ਨੇ ਆਪਣਾ ਆਖਰੀ ਟੈਸਟ ਮੈਚ ਆਸਟ੍ਰੇਲੀਆ ਖ਼ਿਲਾਫ਼ ਨਵੇਂ ਸਾਲ ਵਿੱਚ ਸਿਡਨੀ ਵਿੱਚ ਖੇਡਿਆ ਸੀ।
ਦੂਜੇ ਪਾਸੇ, ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤਾ ਹੈ ਕਿ ਇਸ਼ਾਂਤ ਸ਼ਰਮਾ ਅਤੇ ਸਭ ਤੋਂ ਘੱਟ ਉਮਰ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਵੈਲਿੰਗਟਨ ਵਿੱਚ ਹੋਣ ਵਾਲੇ ਪਹਿਲੇ ਟੈਸਟ ਦੀ ਪਲੇਇੰਗ ਇਲੈਵਨ ਵਿੱਚ ਹੋਣਗੇ। ਜੇ ਟੀਮ ਦੇ ਨੈੱਟ ਸੈਸ਼ਨ ਨੂੰ ਅਧਾਰ ਮੰਨ ਲਿਆ ਜਾਵੇ ਤਾਂ ਵਿਕਟ ਕੀਪਰ ਦੇ ਤੌਰ ‘ਤੇ ਰਿਧੀਮਾਨ ਸਾਹਾ ਨੂੰ ਖੇਡਣ ਦਾ ਮੌਕਾ ਮਿਲੇਗਾ ਜਦਕਿ ਹਨੂਮਾ ਵਿਹਾਰੀ ਬੱਲੇਬਾਜ਼ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਪੰਜਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾਉਣਗੇ।ਤੇਜ਼ ਗੇਂਦਬਾਜ਼ਾਂ ਵਜੋਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਸ਼ਾਮਿਲ ਹੋਣਗੇ। ਇਸ ਸਥਿਤੀ ਵਿੱਚ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਵਿੱਚੋ ਸਿਰਫ ਇੱਕ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਮਿਲੇਗਾ।