Nirbhaya Convict Vinay Sharma: ਨਵੀਂ ਦਿੱਲੀ: ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਵਿਨੈ ਸ਼ਰਮਾ ਨੇ ਫਿਰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਉਸਨੇ ਸਟੈਪਲ ਪਿੰਨ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ । ਹਾਲਾਂਕਿ, ਜੇਲ੍ਹ ਪ੍ਰਸ਼ਾਸਨ ਨੇ ਉਸ ‘ਤੇ ਨਜ਼ਰ ਰੱਖੀ ਅਤੇ ਉਸਨੂੰ ਅਜਿਹਾ ਕਰਨ ਤੋਂ ਰੋਕਣ ਵਿੱਚ ਸਫਲ ਹੋ ਗਿਆ । ਇਸ ਘਟਨਾ ਤੋਂ ਬਾਅਦ ਜੇਲ੍ਹ ਅਧਿਕਾਰੀ ਵਿਨੈ ਨੂੰ ਜੇਲ੍ਹ ਹਸਪਤਾਲ ਲੈ ਗਏ ਅਤੇ ਉਸ ਦਾ ਇਲਾਜ ਕਰਵਾ ਦਿੱਤਾ । ਜ਼ਿਕਰਯੋਗ ਹੈਕਿ ਕੁਝ ਦਿਨ ਪਹਿਲਾਂ ਉਸਨੇ ਕੰਧ ‘ਤੇ ਸਿਰ ਮਾਰ ਕੇ ਆਪਣੇ ਆਪ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਸੀ ।
ਦੱਸ ਦੇਈਏ ਕਿ ਜੇਲ੍ਹ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਵਿਨੈ ਸ਼ਰਮਾ ਅਤੇ ਅਕਸ਼ੈ ਠਾਕੁਰ ਦੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਭੇਜਕੇ ਦੋਸ਼ੀਆਂ ਨਾਲ ਉਨ੍ਹਾਂ ਦੀ ਆਖਰੀ ਮੁਲਾਕਾਤ ਲਈ ਆਉਣ ਲਈ ਕਿਹਾ । ਤਿਹਾੜ ਸੂਤਰਾਂ ਨੇ ਦੱਸਿਆ ਕਿ ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਦੇ ਪਰਿਵਾਰਕ ਮੈਂਬਰਾਂ ਦੀ ਆਖਰੀ ਮੁਲਾਕਾਤ 31 ਜਨਵਰੀ ਨੂੰ ਆਖਰੀ ਡੈੱਥ ਵਾਰੰਟ ਦੌਰਾਨ ਹੋਈ ਸੀ । ਇਸ ਬਾਰੇ ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਕਸ਼ੈ ਅਤੇ ਵਿਨੈ ਨੂੰ ਪੁੱਛਿਆ ਕਿ ਉਹ ਕਿਸ ਦਿਨ ਆਖਰੀ ਮੁਲਾਕਾਤ ਕਰਨਾ ਚਾਹੁੰਦੇ ਹਨ? ਇਸ ਤੋਂ ਇਲਾਵਾ, ਹਰ ਹਫਤੇ ਵਿੱਚ ਦੋ ਵਾਰ ਨਿਯਮਤ ਬੈਠਕ ਦੀ ਸੁਵਿਧਾ ਜਾਰੀ ਰੱਖੀ ਜਾਂਦੀ ਹੈ ।
ਇਸ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਵਿਨੈ ਦਾ ਵਤੀਰਾ ਹਿੰਸਕ ਹੋ ਗਿਆ ਸੀ । ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਵਿਨੈ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਜੇਲ੍ਹ ਵਿੱਚ ਸਥਿਰ ਹੈ । ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ‘ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਵੱਲੋਂ ਸੀਸੀਟੀਵੀ ਦੇ ਜ਼ਰੀਏ ਵੀ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ।