ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਝੋਕ ਮੋਹੜੇ ਬਲਾਕ ਦੀ ਮੀਟਿੰਗ ਬਲਾਕ ਆਗੂ ਬਾਜ ਸਿੰਘ ਬੁਰਜ਼ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੂਬਾਈ ਆਗੂ ਅਵਤਾਰ ਮਹਿਮਾ ਅਤੇ ਜਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ ਟਹਿਲ ਸਿੰਘ ਵਾਲਾ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਮੀਟਿੰਗ ਉਪਰੰਤ ਪਿੰਡ ਬੁਰਜ ਮੱਖਣ ਸਿੰਘ ਵਾਲਾ ਵਿਖੇ ਕਿਸਾਨਾਂ ਵੱਲੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਨ ਸਾਮਰਾਜ ਦੇ ਨੁਮਾਇੰਦੇ ਰਾਸ਼ਟਰਪਤੀ ਟਰੰਪ ਦਾ ਪੁਤਲਾ ਫੂਕਿਆ ਗਿਆ । ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਟਰੰਪ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਯੂਨੀਅਨ ਦੇ ਬਲਾਕ ਆਗੂ ਆਗੂ ਗੁਰਭੇਜ ਸਿੰਘ ਲੋਹੜਾ ਨਵਾਬ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੇ ਟੈਕਸਾਂ ਨਾਲ ਇਕੱਠਾ ਹੋਇਆ ਪੈਸਾ ਮੋਦੀ ਸਰਕਾਰ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੂਰਖ ਬਣਾ ਕੇ ਜੋ ਵਪਾਰਕ ਸਮਝੌਤੇ ਕੀਤੇ ਜਾ ਰਹੇ ਹਨ ਇਹ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਹਨ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਫ਼ਸਲਾਂ ਦੀ ਸਰਕਾਰੀ ਖ਼ਰੀਦ ਬੰਦ ਕਰਕੇ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਵਿੱਚ ਸੁੱਟਣ ਜਾ ਰਹੀ ਹੈ ਜਿਸ ਵਿੱਚ ਭਾਰਤ ਦੇ ਕਿਸਾਨ ਦੂਜੇ ਦੇਸ਼ਾਂ ਦੇ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ । ਇਸ ਤਰ੍ਹਾਂ ਨਾਲ ਭਾਰਤ ਦੇ ਗਰੀਬ ਕਿਸਾਨਾਂ ਨੂੰ ਖੇਤੀ ਸੈਕਟਰ ਵਿੱਚੋਂ ਬਾਹਰ ਧੱਕ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਿੰਡ ਮੱਲਵਾਲ ਜਦੀਦ ਵਿੱਚ ਕਤਲ ਹੋਏ ਨੌਜਵਾਨ ਗੁਰਬਚਨ ਸਿੰਘ ਦੇ ਪਰਿਵਾਰ ਨੂੰ ਇਨਸਾਫ ਦੁਵਾਉਣ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਬੰਦ ਕਰਵਾਉਣ ਲਈ 2 ਮਾਰਚ ਦਿਨ ਸੋਮਵਾਰ ਨੂੰ ਥਾਣਾ ਕੁੱਲਗੜੀ ਅੱਗੇ ਲੱਗਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ । ਇਸ ਮੌਕੇ ਬਖਸ਼ੀਸ਼ ਸਿੰਘ ਬਲਜਿੰਦਰ ਸਿੰਘ ਸ਼ਮਸ਼ੇਰ ਸਿੰਘ ਕੁਲਬੀਰ ਸਿੰਘ ਦਰਸ਼ਨ ਸਿੰਘ ਸੁਖਚੈਨ ਸਿੰਘ ਗੁਰਬਚਨ ਸਿੰਘ ਜਸਬੀਰ ਸਿੰਘ ਛਿੰਦਰਪਾਲ ਸਿੰਘ ਮਿਸ਼ਰੀਵਾਲਾ ਜਸਵੀਰ ਸਿੰਘ ਦਿਲਾਰਾਮ ਸਤਨਾਮ ਸਿੰਘ ਅਮਰਜੀਤ ਸਿੰਘ ਗੁਰਚੇਤ ਸਿੰਘ ਡੋਗਰ ਸਿੰਘ ਗਗਨ ਦੀਪ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ ।