delhi police detained: ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਦਿੱਲੀ ਵਿੱਚ ਲਗਾਤਾਰ ਦੋ ਦਿਨਾਂ ਤੋਂ ਬੁਹਤ ਹੰਗਾਮਾ ਹੋ ਰਿਹਾ ਹੈ। ਦੋ ਦਿਨਾਂ ਤੋਂ ਬਹੁਤ ਸਾਰੇ ਇਲਾਕਿਆਂ ਵਿੱਚ ਬਹੁਤ ਹੀ ਹਿੰਸਕ ਪ੍ਰਦਰਸ਼ਨ ਹੋ ਰਿਹਾ ਹੈ ਅਤੇ ਅੱਗ ਲਗਾਈ ਜਾ ਰਹੀ ਹੈ। ਇਸ ਸਬੰਧ ਵਿੱਚ ਸੋਮਵਾਰ ਨੂੰ, ਦੰਗਾਕਾਰੀਆਂ ਨੇ ਉੱਤਰ ਪੂਰਬੀ ਦਿੱਲੀ ਵਿੱਚ ਜੰਮ ਕੇ ਭੜਾਸ ਕੱਢੀ ਹੈ। ਪੁਲਿਸ ਦੇ ਸਾਹਮਣੇ ਗੋਲੀਬਾਰੀ ਕਰ ਰਹੇ ਵਿਅਕਤੀ ਦੀ ਪਛਾਣ ਸੋਮਵਾਰ ਦੇਰ ਰਾਤ ਹੋਈ। ਹੁਣ ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਸ਼ਾਹਰੁਖ ਨਾਮ ਦੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਸ ਦੀ ਪਛਾਣ ਹੋਣ ਤੋਂ ਬਾਅਦ ਤੋਂ ਹੀ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਸੀ।
ਐਤਵਾਰ ਤੋਂ ਹੀ ਉੱਤਰ-ਪੂਰਬੀ ਦਿੱਲੀ ਵਿੱਚ ਸੀ.ਏ.ਏ ਦੇ ਸਮਰਥਨ ਅਤੇ ਵਿਰੁੱਧ ‘ਚ ਦੋ ਧੜੇ ਪ੍ਰਦਰਸ਼ਨ ਕਰ ਰਹੇ ਸਨ। ਪਰ ਸੋਮਵਾਰ ਨੂੰ ਅਚਾਨਕ ਹੀ ਇੱਕ ਵਿਅਕਤੀ ਨੇ ਬੰਦੂਕ ਕੱਢ ਕੇ 8 ਗੋਲੀਆਂ ਚਲਾ ਦਿੱਤੀਆ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਲਾਲ ਰੰਗ ਦੀ ਟੀ-ਸ਼ਰਟ ਪਾਈ ਇਸ ਵਿਅਕਤੀ ਦਾ ਨਾਮ ਸ਼ਾਹਰੁਖ ਹੈ। ਇਹ ਵਿਅਕਤੀ ਸੋਸ਼ਲ ਮੀਡੀਆ ‘ਤੇ ਚਲ ਰਹੇ ਵੀਡਿਓ ਅਤੇ ਫੋਟੋਆਂ ਵਿੱਚ ਹੱਥ ‘ਚ ਬੰਦੂਕ ਲੈ ਕੇ ਪੁਲਿਸ ਮੁਲਾਜ਼ਮ ਦੇ ਸਾਮ੍ਹਣੇ ਚਲਦਾ ਵੀ ਦੇਖਿਆ ਜਾ ਸਕਦਾ ਹੈ। ਜਦੋਂ ਪੁਲਿਸ ਮੁਲਾਜ਼ਮ ਨੇ ਉਸ ਆਦਮੀ ਨੂੰ ਰੋਕਿਆ ਤਾਂ ਇਸ ਵਿਅਕਤੀ ਨੇ ਉੱਥੇ ਗੋਲ਼ੀ ਚਲਾ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸ਼ਾਹਰੁਖ ਨੇ 8 ਗੋਲੀਆਂ ਚਲਾਈਆਂ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵਿਅਕਤੀ ਐਂਟੀ ਸੀ.ਏ.ਏ ਗਰੁੱਪ ਨਾਲ ਸਬੰਧਿਤ ਹੈ। ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ, ਜ਼ਫ਼ਰਾਬਾਦ, ਮੌਜਪੁਰ, ਸ਼ਾਹਦਰਾ, ਗੋਕਲਪੁਰੀ ਸਮੇਤ ਕੁਝ ਖੇਤਰਾਂ ਵਿੱਚ ਹਾਲਾਤ ਬਹੁਤ ਤਣਾਅਪੂਰਨ ਹਨ। ਦੰਗਾਕਾਰੀਆਂ ਨੇ ਸੀ.ਏ.ਏ ਦੇ ਵਿਰੋਧ ਵਿੱਚ ਇੱਕ ਪੈਟਰੋਲ ਪੰਪ ਨੂੰ ਵੀ ਅੱਗ ਲਾ ਦਿੱਤੀ ਸੀ। ਹੁਣ ਤੱਕ, ਤਣਾਅਪੂਰਨ ਸਥਿਤੀ ਅਤੇ ਹਿੰਸਾ ਦੇ ਕਾਰਨ ਉੱਤਰ ਪੂਰਬੀ ਦਿੱਲੀ ਵਿੱਚ ਘੱਟੋ ਘੱਟ 10 ਥਾਵਾਂ ਤੇ ਧਾਰਾ 144 ਲਾਗੂ ਕੀਤੀ ਗਈ ਹੈ। ਸਮੁੱਚੇ ਗ੍ਰਹਿ ਮੰਤਰਾਲੇ ਦੀ ਹੁਣ ਇਸ ਸਾਰੀ ਘਟਨਾ ‘ਤੇ ਨਜ਼ਰ ਹੈ।