Women T-20 World Cup: ਭਾਰਤ ਨੇ ਸ਼ਨੀਵਾਰ ਨੂੰ ਮਹਿਲਾ ਟੀ -20 ਵਿਸ਼ਵ ਕੱਪ ‘ਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਆਸਟ੍ਰੇਲੀਆ ਦੇ ਮੈਲਬਰਨ ‘ਚ ਖੇਡੇ ਗਏ ਮੈਚ ‘ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਭਾਰਤ ਨੂੰ 114 ਦੌੜਾਂ ਦਾ ਟੀਚਾ ਦਿੱਤਾ। ਜਿਸ ਦੇ ਜਵਾਬ ‘ਚ ਭਾਰਤੀ ਟੀਮ ਨੇ 14.4 ਓਵਰਾਂ ‘ਚ ਤਿੰਨ ਵਿਕਟਾਂ ਗੁਆ ਕੇ ਇਹ ਮੈਚ ਜਿੱਤ ਲਿਆ। ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ 47 ਦੌੜਾਂ ਬਣਾ ਕੇ ਰਨ ਆਊਟ ਹੋ ਗਈ। ਉਹ ਲਗਾਤਾਰ ਦੂਜੀ ਵਾਰ ਅਰਧ ਸ਼ਤਕ ਬਣਾਉਣ ‘ਚ ਅਸਫਲ ਰਹੀ। ਕਪਤਾਨ ਹਰਮਨਪ੍ਰੀਤ ਕੌਰ 15 ਦੌੜਾਂ ਬਣਾ ਕੇ ਆਊਟ ਹੋ ਗਈ। ਸਮ੍ਰਿਤੀ ਮੰਧਾਨਾ ਨੇ 17 ਦੌੜਾਂ ਬਣਾਈਆਂ।
ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਟਾਸ ਜਿੱਤ ਕੇ 9 ਵਿਕਟਾਂ ਦੇ ਨੁਕਸਾਨ ‘ਤੇ 113 ਦੌੜਾਂ ਬਣਾਈਆਂ। ਕਪਤਾਨ ਚਮਾਰੀ ਅਟਾਪੱਟੂ ਨੇ ਸਭ ਤੋਂ ਵੱਧ 33 ਤੇ ਕਵੀਸ਼ਾ ਦਿਲਹਾਰੀ ਨੇ 25 ਦੌੜਾਂ ਬਣਾਈਆਂ। ਰਾਧਾ ਯਾਦਵ ਨੇ ਭਾਰਤ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸਨੇ 4 ਓਵਰਾਂ ਚ 23 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਸ ਦੇ ਲਈ ਰਾਧਾ ਨੂੰ ਪਲੇਅਰ ਆਫ ਦੀ ਮੈਚ ਚੁਣਿਆ ਗਿਆ। ਸਮ੍ਰਿਤੀ ਮੰਧਾਨਾ ਤੇ ਕਪਤਾਨ ਹਰਮਨਪ੍ਰੀਤ ਇਕ ਵਾਰ ਫਿਰ ਬੱਲੇਬਾਜ਼ੀ ‘ਚ ਕੁਝ ਨਹੀਂ ਕਰ ਸਕੇ। ਸਮ੍ਰਿਤੀ ਨੇ 17 ਤੇ ਹਰਮਨਪ੍ਰੀਤ ਨੇ 15 ਦੌੜਾਂ ਬਣਾਈਆਂ। ਇਸ ਟੂਰਨਾਮੈਂਟ ‘ਚ ਹੁਣ ਤਕ ਚੰਗਾ ਪ੍ਰਦਰਸ਼ਨ ਕਰ ਰਹੀ ਸ਼ੇਫਾਲੀ ਨੇ ਫਿਰ ਬੱਲੇ ਦਾ ਜਾਦੂ ਦਿਖਾਇਆ।
ਭਾਰਤੀ ਟੀਮ ਪਹਿਲੇ ਤਿੰਨ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚ ਚੁੱਕੀ ਹੈ। ਦੂਜੇ ਪਾਸੇ ਸ਼੍ਰੀਲੰਕਾ ਤਿੰਨੋਂ ਮੈਚ ਹਾਰਨ ਤੋਂ ਬਾਅਦ ਸੈਮੀਫਾਈਨਲ ਦੌੜ ਤੋਂ ਬਾਹਰ ਹੋ ਗਈ ਹੈ। ਭਾਰਤ ਨੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ 17 ਤੇ ਫਿਰ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ। ਜਦਕਿ ਤੀਜੇ ਮੈਚ ‘ਚ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ। ਭਾਰਤ ਤੇ ਸ਼੍ਰੀਲੰਕਾ ‘ਚ ਹੁਣ ਤਕ ਖੇਡੇ ਗਏ 18 ਟੀ -20 ਮੈਚਾਂ ‘ਚੋ, ਭਾਰਤੀ ਟੀਮ ਨੇ 14 ਤੇ ਸ੍ਰੀਲੰਕਾ ਨੇ 3 ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ। ਟੀਮ ਇੰਡੀਆ ਹੁਣ ਸ਼੍ਰੀਲੰਕਾ ਖਿਲਾਫ 10 ਮੈਚਾਂ ਨਾਲ ਅਜਿੱਤ ਹੈ। ਵਿਸ਼ਵ ਕੱਪ ‘ਚ ਦੋਵਾਂ ਵਿਚਾਲੇ ਪੰਜ ਮੈਚ ਹੋਏ ਹਨ ਜਿੰਨ੍ਹਾ ਚੋਂ ਭਾਰਤ ਨੇ ਚਾਰ ਜਿੱਤੇ ਜਦਕਿ ਸ੍ਰੀਲੰਕਾ ਨੇ ਇਕ ਮੈਚ ਜਿੱਤਿਆ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ‘ਤੇ ਕਪਤਾਨ ਹਰਮਨਪ੍ਰੀਤ ਅਜੇ ਤਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਮਿਡਲ ਆਰਡਰ ਦੇ ਬੱਲੇਬਾਜ਼ ਸਾਰੇ ਚਾਰ ਮੈਚਾਂ ‘ਚ ਫਲਾਪ ਰਹੇ ਹਨ। ਅਜਿਹੀ ਸਥਿਤੀ ‘ਚ ਇਨ੍ਹਾਂ ਖਿਡਾਰੀਆਂ ਕੋਲ ਸੈਮੀਫਾਈਨਲ ਮੈਚ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ ਮੌਕਾ ਸੀ। ਓਪਨਰ ਸ਼ੇਫਾਲੀ ਵਰਮਾ ਨੇ ਸਾਰੇ ਚਾਰ ਮੈਚਾਂ ‘ਚ ਚੰਗੀ ਸ਼ੁਰੂਆਤ ਕੀਤੀ ਹੈ। ਲੈੱਗ ਸਪਿਨਰ ਪੂਨਮ ਯਾਦਵ 9 ਵਿਕਟਾਂ ਨਾਲ ਚੋਟੀ ‘ਤੇ ਹੈ।