ਜਿੱਥੇ ਕਰੋਨਾ ਵਾਇਰਸ ਦੇ ਖਤਰੇ ਨਾਲ ਸਾਰਾ ਸੰਸਾਰ ਸਾਵਧਾਨੀ ਵਰਤ ਰਿਹਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕਦਮ ਚੁੱਕ ਰਿਹਾ ਹੈ, ਉਥੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਤੋਂ ਬਿਲਕੁੱਲ ਅਣਜਾਣ ਬਣੇ ਹੋਏ ਹਨ ਜਾਂ ਕਿਸੇ ਅਣਹੋਣੀ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਕਰੋਨਾ ਵਾਇਰਸ ਕਰਕੇ ਜਿੱਥੇ ਦੇਸ਼ ਦੇ ਵੱਖ ਵੱਖ ਸਿੱਖਿਆ ਬੋਰਡਾਂ ਨੇ ਆਪਣੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਇਸ ਵਾਇਰਸ ਤੋਂ ਬਚਾਉਣਾ ਲਈ ਉਪਰਾਲੇ ਕੀਤੇ ਹਨ ਤੇ ਬਚਾਅ ਦੇ ਤਰੀਕੇ ਵੀ ਦੱਸੇ ਹਨ ਉਥੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਇਸ ਗੰਭੀਰ ਸਮੱਸਿਆ ਤੇ ਚੁੱਪੀ ਧਾਰੀ ਹੋਈ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਤੁਰੰਤ ਇਸ ਵਾਇਰਸ ਦੇ ਲੱਛਣ ਤੇ ਬਚਾਅ ਦੇ ਤਰੀਕਿਆਂ ਤੋਂ ਪੰਜਾਬ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਪੱਤਰ ਜਾਰੀ ਕਰੇ। ਇਸ ਦੇ ਨਾਲ ਹੀ ਤੁਰੰਤ ਬਾਇਓਮੀਟ੍ਰਿਕ ਹਾਜ਼ਰੀ ਬੰਦ ਕਰਨ ਦਾ ਪੱਤਰ ਜਾਰੀ ਕਰੇ ਤਾਂ ਜੋ ਮੁਲਾਜ਼ਮਾਂ ਨੂੰ ਇਸ ਨਾਲ ਕਰੋਨਾ ਵਾਇਰਸ ਹੋਣ ਤੋਂ ਬਚਾਇਆ ਜਾ ਸਕੇ।