Cancellation of IPL 2020: ਕੋਵਿਡ -19 ਨੇ ਦੇਸ਼ ‘ਚ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਇਸਦਾ ਅਸਰ ਖੇਡਾਂ ‘ਤੇ ਵੀ ਦੇਖਣ ਨੂੰ ਮਿੱਲ ਰਿਹਾ ਹੈ। ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਆਈਪੀਐੱਲ ਨੂੰ ਵੀ ਇਸਨੇ ਪ੍ਰਭਾਵਿਤ ਕੀਤਾ ਹੈ। ਆਈਪੀਐੱਲ ਦੇ 13ਵੇਂ ਸੀਜ਼ਨ ਨੂੰ 15 ਅਪ੍ਰੈਲ ਤੱਕ ਮੁਲਤਵੀ ਕਰਨ ਤੋਂ ਬਾਅਦ ਲੀਗ ਦੀਆਂ ਅੱਠ ਫ੍ਰੈਂਚਾਇਜੀਆਂ ਨੇ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਅਭਿਆਸ ਕੈਂਪ ਰੱਦ ਕਰ ਦਿੱਤੇ ਹਨ। ਰਾਇਲ ਚੈਲੇਂਜਰ ਬੰਗਲੌਰ (RCB) ਨੇ ਸੋਮਵਾਰ ਨੂੰ ਆਪਣੇ ਸਾਰੇ ਅਭਿਆਸ ਕੈਂਪ ਰੱਦ ਕਰ ਦਿੱਤੇ ਜੋ 21 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਸਨ। ਆਈਪੀਐੱਲ ਦੀਆਂ ਸਟਾਰ ਟੀਮਾਂ ਮੁੰਬਈ ਇੰਡੀਅਨਜ਼(MI), ਚੇਨਈ ਸੁਪਰਕਿੰਗਜ਼(CSK) ਤੇ ਕੋਲਕਾਤਾ ਨਾਈਟ ਰਾਈਡਰਸ ਵੱਲੋਂ ਪਹਿਲਾਂ ਹੀ ਆਪਣੇ ਅਭਿਆਸ ਕੈਂਪ ਰੱਦ ਕੀਤੇ ਜਾ ਚੁੱਕੇ ਹਨ।
ਰਾਇਲ ਚੈਲੇਂਜਰ ਬੰਗਲੌਰ (RCB) ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਸਾਰਿਆਂ ਦੀ ਸੁਰੱਖਿਆ ਤੇ ਸਿਹਤ ਨੂੰ ਧਿਆਨ ‘ਚ ਰੱਖਦਿਆਂ 21 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਰਸੀਬੀ ਅਭਿਆਸ ਕੈਂਪ ਨੂੰ ਅਗਲੇ ਨੋਟਿਸ ਤਕ ਰੱਦ ਕਰ ਦਿੱਤਾ ਗਿਆ ਹੈ। ਅਸੀਂ ਸਾਰਿਆਂ ਨੂੰ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੁਰੱਖਿਅਤ ਰਹਿਣ ਦੀ ਬੇਨਤੀ ਕਰਦੇ ਹਾਂ। ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਕੋਲ ਆਰਸੀਬੀ ਦੀ ਕਪਤਾਨੀ ਵੀ ਹੈ।
ਆਈਪੀਐੱਲ ‘ਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਟੀਮ ਚੇਨਈ ਸੁਪਰਕਿੰਗਜ਼ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਕੋਵਿਡ -19 ਨਾਲ ਬਚਾਵ ਲਈ ਸਾਰੀਆਂ ਸਾਵਧਾਨੀਆਂ ਅਪਨਾਉਣ। ਫਰੈਂਚਾਇਜ਼ੀ ਨੇ ਇੱਕ ਟਵਿੱਟਰ ਵੀਡੀਓ ਪੋਸਟ ਕੀਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਜਦੋਂ ਤੁਸੀਂ ਖੇਡਦੇ ਹੋ ਤਾਂ ਖੇਡੋ, ਕੰਮ ਕਰ ਰਹੇ ਹੋ ਤਾਂ ਕੰਮ ਕਰੋ, ਪਰ ਸਭ ਤੋਂ ਜ਼ਰੂਰੀ ਹੈ ਸੁਰੱਖਿਆ। ਕੋਰੇਨਾ ਨਾਲ ਲੜਨ ਲਈ ਸਾਰੀਆਂ ਸਾਵਧਾਨੀਆਂ ਵਰਤੋ। ਦੱਸ ਦਈਏ ਕਿ ਤਿੰਨ ਵਾਰ ਦੀ ਜੇਤੂ CSK ਨੇ ਸ਼ਨੀਵਾਰ ਨੂੰ ਕੈਂਪ ਮੁਲਤਵੀ ਕਰ ਦਿੱਤਾ, ਜਿਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਚੇਨਈ ਤੋਂ ਰਵਾਨਾ ਹੋਏ।
ਸਾਬਕਾ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਬੱਲੇਬਾਜ਼ ਸੁਰੇਸ਼ ਰੈਨਾ CSK ਅਭਿਆਸ ਕੈਂਪ ਛੱਡ ਕੇ ਆਪਣੇ ਘਰ ਲਈ ਰਵਾਨਾ ਹੋ ਗਏ ਹਨ। ਚੇਨਈ ਦੇ ਚੇਪੌਕ ਸਟੇਡੀਅਮ ਵਿਖੇ CSK ਦਾ ਸਿਖਲਾਈ ਕੈਂਪ ਤੁਰੰਤ ਪ੍ਰਭਾਵ ਨਾਲ ਕੋਰੋਨਾ ਵਾਇਰਸ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਸਾਰੀਆਂ ਟੀਮਾਂ ਦੇ ਵਿਦੇਸ਼ੀ ਖਿਡਾਰੀਆਂ ਨੇ ਵੀ ਭਾਰਤ ਛੱਡਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਦੱਖਣੀ ਅਫਰੀਕਾ ਦੇ ਖਿਡਾਰੀ ਤਿੰਨ ਮੈਚਾਂ ਦੀ ਸੀਰੀਜ਼ ‘ਚ ਪਹਿਲਾ ਵਨਡੇ ਮੈਚ ਬਾਰਿਸ਼ ਕਾਰਣ ਰੱਦ ਹੋਣ ਤੋਂ ਬਾਅਦ ਅਗਲੇ ਦੋ ਮੈਚ ਖੇਡੇ ਬਿਨਾਂ ਹੀ ਭਾਰਤ ਤੋਂ ਆਪਣੇ ਦੇਸ਼ ਨੂੰ ਮੁੜ ਗਏ ।