ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਅਤੇ ਕੇਦਰ ਸਰਕਾਰ ਵੱਲੋ ਪਿਛਲੇ ਇੱਕ ਹਫਤੇ ਤੋਂ ਲੈਕੇ 14 ਅਪ੍ਰੈਲ ਤੱਕ ਪੰਜਾਬ ਅਤੇ ਪੂਰੇ ਭਾਰਤ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ । ਜਿਸ ਦੇ ਚੱਲਦਿਆਂ ਹਰ ਤਰ੍ਹਾਂ ਦੇ ਕਾਰੋਬਾਰ ਵੀ ਬੰਦ ਕੀਤੇ ਗਏ ਹਨ ਅਤੇ ਲੋਕਾਂ ਨੂੰ ਬਿਨਾਂ ਕਿਸੇ ਜਮੀਨੀ ਤਿਆਰੀ ਦੇ ਜਬਰੀ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਹੈ । ਅਜਿਹੇ ਵਿਚ ਰੋਜ਼ਾਨਾ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਮਜ਼ਦੂਰਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ ਹੈ ।
ਸਰਕਾਰ ਵੱਲੋਂ ਮਜਦੂਰਾਂ ਅਤੇ ਬੇਵੱਸ ਲੋਕਾਂ ਲਈ ਘਰ ਤੱਕ ਰਾਸ਼ਨ ਪਹੁੰਚਾਏ ਜਾਣ ਦੇ ਦਾਅਵੇ ਬਿਲਕੁਲ ਖੋਖਲੇ ਸਾਬਤ ਹੋ ਗਏ ਹਨ । ਇੰਨੇ ਦਿਨ ਬੀਤ ਜਾਣ ਤੇ ਵੀ ਪੰਜਾਬ ਦੇ ਬਹੁਤੇ ਪਿੰਡਾਂ ਤੱਕ ਸਰਕਾਰੀ ਮਦਦ ਨਹੀਂ ਪਹੁੰਚੀ । ਅਜਿਹੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਪਿੰਡ ਇਕਾਈਆਂ ਨੂੰ ਲੋੜਵੰਦਾਂ ਤੇ ਗਰੀਬਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ । ਜਿਸ ਦੇ ਚੱਲਦਿਆਂ ਪਿੰਡ ਸ਼ਰੀਹ ਵਾਲਾ ਬਰਾੜ ਦੀ ਕਿਸਾਨ ਇਕਾਈ ਦੇ ਨੌਜਵਾਨਾਂ ਨੇ ਇਸ ਮੁਸ਼ਕਲ ਦੀ ਘੜੀ ਵਿੱਚ ਬਾਬੇ ਨਾਨਕ ਦੇ “ਕਿਰਤ ਕਰੋ ਤੇ ਵੰਡੋ ਛਕੋ” ਦੇ ਸਿਧਾਂਤ ਅਨੁਸਾਰ ਬੀੜਾ ਚੁੱਕ ਲਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਪਿੰਡ ਦੀ ਕਿਸਾਨ ਇਕਾਈ ਵੱਲੋਂ ਕਿਸਾਨ ਭਰਾਵਾਂ ਦੇ ਘਰਾਂ ਵਿੱਚ ਜਾ ਕੇ ਰਾਸ਼ਨ ਇਕੱਠਾ ਕਰਕੇ ਪਿੰਡ ਦੇ 100 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਵੰਡਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਪਿੰਡ ਦੇ ਕਿਸਾਨਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ । ਸੁੱਕੀ ਰਸਦ ਦੇ ਨਾਲ ਨਾਲ ਪਿੰਡ ਦੇ ਕਿਸਾਨ ਭਰਾਵਾਂ ਕੋਲੋਂ ਦੁੱਧ ਇਕੱਠਾ ਕਰਕੇ ਵੀ ਰੋਜ਼ਾਨਾ ਗ਼ਰੀਬ ਪਰਿਵਾਰਾਂ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਛੋਟੇ ਬੱਚੇ ਹਨ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਆਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਜ਼ ਸ਼ਰਮਾ, ਵੀਰ ਦਵਿੰਦਰ, ਹਰਜੀਤ ਸਿੰਘ, ਸੁਖਜੀਤ ਸਿੰਘ, ਨਰਿੰਦਰ ਸਿੰਘ ਸੋਢੀ, ਜਸ਼ਨਪ੍ਰੀਤ, ਗਗਨਦੀਪ, ਅਮਨਦੀਪ, ਭਾਗ ਸਿੰਘ, ਸੂਰਜ ਮੱਲ ਆਦਿ ਹਾਜ਼ਰ ਸਨ ।