Turkey detains 11: ਇਸਤਾਂਬੁਲ: ਦੁਨੀਆ ਭਰ ਵਿਚ ਜਿੱਥੇ ਕੋਰੋਨਾ ਵਾਇਰਸ ਕਾਰਨ ਹਲਚਲ ਹੈ ਅਤੇ ਇਸ ਦਾ ਇਲਾਜ ਲੱਭਣ ਦੀ ਦਿਨ-ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਕੁਝ ਲੋਕ ਇਸ ਸੰਕਟ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਤੋਂ ਸਾਹਮਣੇ ਆਇਆ ਹੈ । ਇੱਕ ਘਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਪਾਰਟੀ ਕਰਨ ਦੇ ਦੋਸ਼ ਵਿੱਚ ਤੁਰਕੀ ਦੀ ਪੁਲਿਸ ਨੇ 11 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ । ਇਸ ਸਬੰਧੀ ਜਾਣਕਾਰੀ ਦੀ ਦਿੰਦਿਆਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਵਿੱਚ ਕੁਝ ਮਹਿਮਾਨ ਡਾਕਟਰਾਂ ਵਾਂਗ ਕੱਪੜੇ ਪਾ ਕੇ ਆਏ ਸਨ । ਉਨ੍ਹਾਂ ਦੱਸਿਆ ਕਿ ਇਹ ਪਾਰਟੀ ਸ਼ਨੀਵਾਰ ਦੀ ਰਾਤ ਨੂੰ ਬੁਯੁਕਸੇਕਮੇਜ਼ ਜ਼ਿਲ੍ਹੇ ਦੇ ਇੱਕ ਵਿਲਾ ਵਿਖੇ ਆਯੋਜਿਤ ਕੀਤੀ ਗਈ ਸੀ ਅਤੇ ਸੋਸ਼ਲ ਮੀਡੀਆ ‘ਤੇ ਲਾਈਵ ਸ਼ੇਅਰ ਕੀਤੀ ਗਈ ਸੀ । ਭਾਵੇਂਕਿ ਸਮਾਜਿਕ ਦੂਰੀ ਲਈ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਵਿੱਚ ਪਾਰਟੀ ਕਰਨ ਵਾਲਿਆਂ ਦੀ ਵੀ ਆਲੋਚਨਾ ਹੋਈ।
ਇਸ ਸਬੰਧੀ ਇਕ ਵਿਅਕਤੀ ਨੇ ਟਵਿੱਟਰ ‘ਤੇ ਲਿਖਿਆ, “ਇਨ੍ਹਾਂ ਮੂਰਖਾਂ ਨੇ ਇਸਤਾਂਬੁਲ ਵਿੱਚ ਕਿਤੇ ਘਰ ਵਿੱਚ ਹੀ ਪਾਰਟੀ ਦਾ ਆਯੋਜਨ ਕੀਤਾ ਸੀ ।” ਉਸਨੇ ਲਿਖਿਆ ਕਿ ਇਨ੍ਹਾਂ ਮੂਰਖਾਂ ਕਾਰਨ ਅਸੀਂ ਕੋਰੋਨਾ ਨੂੰ ਫੈਲਣ ਤੋਂ ਕਿਵੇਂ ਰੋਕਾਂਗੇ । ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ‘ਤੇ ਤੁਰਕੀ ਵਿੱਚ ਬਾਰ ਅਤੇ ਨਾਈਟ ਕਲੱਬ ਬੰਦ ਕਰ ਦਿੱਤੇ ਗਏ ਹਨ । ਜਿਸ ਤੋਂ ਬਾਅਦ ਪੁਲਿਸ ਨੇ ਇਸ ਪਾਰਟੀ ਦੇ ਆਯੋਜਕ ਅਤੇ ਡੀਜੇ ਸਮੇਤ 11 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ।
ਇਸ ਬਾਰੇ ਇਸਤਾਂਬੁਲ ਦੇ ਗਵਰਨਰ ਦਫਤਰ ਨੇ ਐਤਵਾਰ ਨੂੰ ਕਿਹਾ ਕਿ ਇਹਨਾਂ ਲੋਕਾਂ ‘ਤੇ ਛੂਤ ਦੀ ਬੀਮਾਰੀ ਨੂੰ ਲੈ ਕੇ ਨਿਯਮਾਂ ਦਾ ਪਾਲਨ ਨਾ ਕਰਨ ਦਾ ਦੋਸ਼ ਹੈ । ਇਸ ਵਿੱਚ ਕਿਹਾ ਗਿਆ ਕਿ ਇਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹੋਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੱਸ ਦੇਈਏ ਕਿ ਇਸ ਪਾਰਟੀ ਦੀ ਪੋਸਟ ਕੀਤੀ ਗਈ ਵੀਡੀਓ ਵਿੱਚ ਪਾਰਟੀ ਕਰ ਰਹੇ ਲੋਕ ਡਾਕਟਰਾਂ ਦੀ ਤਰ੍ਹਾਂ ਕੱਪੜੇ ਪਾਏ ਹੋਏ ਨਜ਼ਰ ਆ ਰਹੇ ਹਨ । ਜ਼ਿਕਰਯੋਗ ਹੈ ਕਿ ਇਸ ਵਾਇਰਸ ਦੇ ਤੁਰਕੀ ਵਿੱਚ 9,217 ਮਾਮਲੇ ਦਰਜ ਕੀਤੇ ਗਏ ਹਨ ਜਦਕਿ 131 ਲੋਕਾਂ ਦੀ ਮੌਤ ਹੋ ਚੁੱਕੀ ਹੈ ।