World Bank Approves India: ਦੇਸ਼ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਆਪਣੇ ਪੈਰ ਪਸਾਰ ਰਿਹਾ ਹੈ । ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ । ਇਸ ਜਾਨਲੇਵਾ ਵਾਇਰਸ ਨਾਲ ਜੂਝ ਰਹੇ ਭਾਰਤ ਨੂੰ ਵਿਸ਼ਵ ਬੈਂਕ ਵੱਲੋਂ 100 ਕਰੋੜ ਡਾਲਰ (ਲਗਭਗ 76 ਅਰਬ ਰੁਪਏ) ਦੀ ਸੰਕਟਕਾਲੀਨ ਵਿੱਤੀ ਮਦਦ ਦਿੱਤੀ ਜਾਵੇਗੀ । ਜਿਸਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਵਿਸ਼ਵ ਬੈਂਕ ਵੱਲੋਂ ਦਿੱਤੇ ਗਏ ਇਸ ਪੈਸੇ ਨਾਲ ਭਾਰਤ ਨੂੰ ਬਿਹਤਰ ਜਾਂਚ, ਕੰਟੈਕਟ ਟ੍ਰੇਸਿੰਗ, ਲੈਬੋਰੇਟਰੀ ਡਾਇਗਨੋਸਟਿਕਸ ਅਤੇ ਨਵੇਂ ਆਈਸੋਲੇਸ਼ਨ ਵਾਰਡ ਬਣਾਉਣ ਵਿੱਚ ਮਦਦ ਮਿਲੇਗੀ ।
ਦਰਅਸਲ, ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਜੈਕਟਾਂ ਦੇ 1.9 ਬਿਲੀਅਨ ਡਾਲਰ ਦੇ ਪਹਿਲੇ ਸੈਟ ਵਿੱਚ 25 ਦੇਸ਼ਾਂ ਦੀ ਮਦਦ ਕੀਤੀ ਜਾਵੇਗੀ । ਵਿਸ਼ਵ ਬੈਂਕ ਵੱਲੋਂ ਐਮਰਜੈਂਸੀ ਵਿੱਤੀ ਸਹਾਇਤਾ ਦਾ ਸਭ ਤੋਂ ਵੱਡਾ ਹਿੱਸਾ ਭਾਰਤ ਨੂੰ ਦਿੱਤਾ ਜਾਵੇਗਾ, ਜੋ 100 ਕਰੋੜ ਡਾਲਰ ਦਾ ਹੋਵੇਗਾ । ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਬੋਰਡ ਵੱਲੋਂ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਲਈ ਐਮਰਜੈਂਸੀ ਸਹਾਇਤਾ ਦੇ ਪਹਿਲੇ ਸੈੱਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।
ਜਿਸ ਤੋਂ ਬਾਅਦ ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਐਮਰਜੈਂਸੀ ਵਿੱਤੀ ਸਹਾਇਤਾ, ਕੰਟੈਕਟ ਟ੍ਰੇਸਿੰਗ, ਲੈਬੋਰੇਟਰੀ ਡਾਇਗਨੋਸਟਿਕ ਅਤੇ ਨਵੇਂ ਵੱਖਰੇ ਵਾਰਡ ਬਣਾਉਣ ਵਿੱਚ ਸਹਾਇਤਾ ਮਿਲੇਗੀ । ਇਸ ਤੋਂ ਇਲਾਵਾ ਵਿਸ਼ਵ ਬੈਂਕ ਵੱਲੋਂ ਦੱਖਣੀ ਏਸ਼ੀਆ ਵਿੱਚ ਪਾਕਿਸਤਾਨ ਲਈ 20 ਕਰੋੜ ਡਾਲਰ, ਅਫ਼ਗਾਨਿਸਤਾਨ ਲਈ 10 ਕਰੋੜ ਡਾਲਰ, ਮਾਲਦੀਵ ਲਈ 73 ਲੱਖ ਡਾਲਰ ਅਤੇ ਸ੍ਰੀਲੰਕਾ ਲਈ 12.86 ਕਰੋੜ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਬੈਂਕ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ । ਜਿਸ ਕਾਰਨ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਭਾਵ ਨਾਲ ਨਜਿੱਠਣ ਵਿੱਚ ਦੇਸ਼ਾਂ ਦੀ ਮਦਦ ਕਰਨ ਲਈ 15 ਮਹੀਨਿਆਂ ਦੇ ਹਿਸਾਬ ਨਾਲ 160 ਬਿਲੀਅਨ ਡਾਲਰ ਦੀ ਐਮਰਜੈਂਸੀ ਸਹਾਇਤਾ ਜਾਰੀ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ । ਦੱਸ ਦੇਈਏ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 10,15,667 ਹੋ ਗਈ ਹੈ । ਇਸ ਵਾਇਰਸ ਕਾਰਨ 53,200 ਦੀ ਮੌਤ ਹੋ ਚੁੱਕੀ ਹੈ, ਜਦਕਿ 2,12,991 ਲੋਕ ਠੀਕ ਹੋ ਚੁੱਕੇ ਹਨ ।