Death of Elderly Marathon runner : ਇੰਗਲੈਂਡ ਵਿਚ 89 ਸਾਲਾ ਅਮਰੀਕ ਸਿੰਘ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਅਮਰੀਕ ਸਿੰਘ ਵਿਸ਼ਵ ਦੇ ਸਭ ਤੋਂ ਵਡੇਰੀ ਉਮਰ ਦੇ ਮੈਰਾਥਨ ਦੌੜਾਕ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕ ਸਿੰਘ ਦੀ ਮੌਤ ਉਤੇ ਦੁੱਖ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਕਿਹਾ- ਇੰਗਲੈਂਡ ਦੇ ਬਰਮਿੰਘਮ ਵਿਖੇ 89 ਸਾਲਾ ਅਮਰੀਕ ਸਿੰਘ ਦਾ ਕੋਵਿਡ-19 ਨਾਲ ਦੇਹਾਂਤ ਹੋ ਗਿਆ। ਉਹ ਦੁਨੀਆਂ ਦੇ ਸਭ ਤੋਂ ਵੱਡੀ ਉਮਰ ਦੇ ਮੈਰਾੱਥਨ ਦੌੜਾਕ ਸਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਤੇ ਇਸ ਦੁੱਖ ਦੀ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ।
ਉਨ੍ਹਾਂ ਦੇ ਦਿਹਾਂਤ ’ਤੇ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਨਿਰੰਜਨ ਸਿੰਘ ਬਿਨਿੰਗ, ਜਸਪਾਲ ਸਿੰਘ ਖਹਿਰਾ, ਡਾ. ਇੰਦਰਜੀਤ ਸਿੰਘ, ਮੇਲਾ ਸਿੰਘ, ਪਰਮਜੀਤ ਸਿੰਘ ਸਮਰਾ, ਬਲਦੇਵ ਸਿੰਘ ਪੱਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਦੇ ਪ੍ਰਧਾਨ ਲਭਾਇਆ ਸਿੰਘ ਮਹਿਮੀ, ਸਕੱਤਰ ਦਿਲਜੀਤ ਸਿੰਘ ਦਿਲਬਰ ਸਮੇਤ ਸਕਾਟਲੈਂਡ ਭਰ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਨੇ ਭਾਈ ਅਮਰੀਕ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਸਣਯੋਗ ਹੈ ਕਿ ਗਲਾਸਗੋ ਦਾ ਨਾਂ ਵਿਸ਼ਵ ਭਰ ਵਿਚ ਚਮਕਾਉਣ ਵਾਲੇ ਬਜ਼ੁਰਗ ਮੈਰਾਥਨ ਦੌੜਾਕ ਭਾਈ ਅਮਰੀਕ ਸਿੰਘ ਨੇ ਦੌੜਣ ਦਾ ਅਭਿਆਸ ਉਮਰ ਦੇ 40ਵੇਂ ਵਰ੍ਹੇ ‘ਚ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਲੰਡਨ ਮੈਰਾਥਨ 27 ਵਾਰ ਮੁਕੰਮਲ ਦੌੜਨ ਦਾ ਮਾਣ ਹਾਸਲ ਹੈ। 650 ਦੇ ਲਗਭਗ ਘਰ ਪਏ ਮੈਡਲ ਉਨ੍ਹਾਂ ਦੀ ਮਿਹਨਤ ਦੀ ਗਵਾਹੀ ਭਰਦੇ ਹਨ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਕਰ ਕੇ ਹੀ ਉਹ ‘ਵਾਹਿਗੁਰੂ ਬਾਬਾ’ ਵਜੋਂ ਜਾਣੇ ਜਾਂਦੇ ਸਨ। ਹਰ ਕਿਸੇ ਨੂੰ ਬਾਣੀ ਨਾਲ ਜੁੜਨ, ਕਸਰਤ ਕਰਨ, ਫਲ ਖਾਣ ਆਦਿ ਦੀ ਪ੍ਰੇਰਨਾ ਹਰ ਸਾਹ ਦੇਣਾ ਉਨ੍ਹਾਂ ਦਾ ਨੇਮ ਸੀ।