umar akmal banned: ਪਾਕਿਸਤਾਨ ਦੇ ਕ੍ਰਿਕਟਰ ਉਮਰ ਅਕਮਲ ‘ਤੇ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਹੁਣ ਉਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਨਹੀਂ ਖੇਡ ਸਕੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ। ਉਮਰ ਅਕਮਲ ‘ਤੇ ਪੀਸੀਬੀ ਦੇ ਅਨੁਸ਼ਾਸਨੀ ਪੈਨਲ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਫਜ਼ਲ-ਏ-ਮੀਰਾਂ ਚੌਹਾਨ ਨੇ ਤਿੰਨ ਸਾਲ ਦੀ ਪਾਬੰਦੀ ਲਗਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਉਮਰ ਅਕਮਲ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਗਿਆ ਸੀ ਅਤੇ ਇਸੇ ਕੇਸ ‘ਚ ਉਸ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਉਮਰ ਅਕਮਲ ਨੂੰ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹਿੱਸਾ ਲੈਣ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਤੋਂ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਅਕਮਲ ਉੱਤੇ ਇੱਕ ਸੱਟੇਬਾਜ਼ ਨੂੰ ਮਿਲਣ ਅਤੇ ਮੈਚ ਫਿਕਸ ਕਰਨ ਲਈ ਗੱਲਬਾਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
ਉਸ ਸਮੇਂ ਜਾਂਚ ਕਮੇਟੀ ਨੇ ਅਕਮਲ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਸੀ। ਪਿੱਛਲੇ ਮਹੀਨੇ ਹੀ, ਪੀਸੀਬੀ ਦੀ ਐਂਟੀ ਕੁਰੱਪਸ਼ਨ ਯੂਨਿਟ ਨੇ ਅਕਮਲ ਨੂੰ ਨੋਟਿਸ ਜਾਰੀ ਕਰਕੇ ਉਸ ਤੋਂ ਜਵਾਬ ਮੰਗਿਆ ਸੀ। ਅਕਮਲ ਨੂੰ 20 ਫਰਵਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 17 ਮਾਰਚ ਨੂੰ ਚਾਰਜ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਇੱਕ ਤਾਜ਼ਾ ਰਿਪੋਰਟ ਵਿੱਚ, ਇਹ ਦਾਅਵਾ ਕੀਤਾ ਗਿਆ ਸੀ ਕਿ ਐਂਟੀ ਕੁਰੱਪਸ਼ਨ ਯੂਨਿਟ ਨੇ ਉਮਰ ਅਕਮਲ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਕੀਤਾ, ਪਰ ਹੁਣ ਉਸ ਉੱਤੇ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ।