United States Coronavirus: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰ ਦੁਨੀਆ ਵਿੱਚ ਪੂਰੀ ਤਬਾਹੀ ਮਚਾ ਰਿਹਾ ਹੈ । ਦੁਨੀਆ ਭਰ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 11 ਹਜ਼ਾਰ ਤੋਂ ਵਧੇਰੇ ਹੋ ਗਈ ਹੈ, ਜਦਕਿ ਪੀੜਤਾਂ ਦੀ ਗਿਣਤੀ 30 ਲੱਖ 65 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ । ਰਾਹਤ ਵਾਲੀ ਗੱਲ ਇਹ ਹੈ ਕਿ 9 ਲੱਖ 22 ਹਜ਼ਾਰ ਲੋਕ ਠੀਕ ਵੀ ਹੋਏ ਹਨ । ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿੱਚ ਦਿਖਾਈ ਦੇ ਰਿਹਾ ਹੈ । ਜਿੱਥੇ ਪਿਛਲੇ 24 ਘੰਟਿਆਂ ਵਿੱਚ 1303 ਲੋਕਾਂ ਦੀ ਮੌਤ ਹੋ ਗਈ ਹੈ । ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਵਿੱਚ ਰੋਜ਼ਾਨਾ 1000 ਤੋਂ ਵੱਧ ਲੋਕ ਆਪਣੀ ਜਾਨ ਗਵਾ ਰਹੇ ਹਨ ।
ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ ਅਮਰੀਕਾ ਵਿੱਚ ਮ੍ਰਿਤਕਾਂ ਦੀ ਗਿਣਤੀ 56,797 ਹੋ ਗਈ ਜਦਕਿ 10,10,356 ਲੋਕ ਪੀੜਤ ਹਨ । ਇਹਨਾਂ ਵਿਚੋਂ 1,07,226 ਲੋਕ ਠੀਕ ਵੀ ਹੋਏ ਹਨ । ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਵਿੱਚ ਇਸ ਵਾਇਰਸ ਨੇ 1330 ਲੋਕਾਂ ਜਾਨ ਲਈ ਸੀ ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਜਨਵਰੀ ਤੋਂ ਬਾਅਦ ਕੋਰੋਨਾ ਵਾਇਰਸ ਦਾ ਕਹਿਰ ਤੇਜ਼ ਹੁੰਦਾ ਗਿਆ ਹੈ ਅਤੇ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਜਾਰੀ ਹੈ । ਪਿਛਲੇ ਚਾਲੀ ਦਿਨਾਂ ਵਿੱਚ ਅਮਰੀਕਾ ਵਿੱਚ ਘਰ ਵਿੱਚ ਰਹਿਣ ਦਾ ਆਦੇਸ਼ ਲਾਗੂ ਹੈ । ਦੱਸ ਦੇਈਏ ਕਿ ਅਮਰੀਕਾ ਵਿੱਚ ਲਾਕਡਾਊਨ ਲਾਗੂ ਹੋਣ ਕਾਰਨ ਵੀ ਪੂਰੀ ਤਰ੍ਹਾਂ ਲਾਕਡਾਊਨ ਨਹੀਂ ਹੋਇਆ ਹੈ, ਜਿਸ ਦੀ ਕਾਫ਼ੀ ਆਲੋਚਨਾ ਵੀ ਹੋ ਰਹੀ ਹੈ । ਇਹੀ ਕਾਰਨ ਹੈ ਕਿ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਿਆ ਨਹੀਂ ਹੈ । ਅਮਰਰੇਕ ਤੋਂ ਬਾਅਦ ਇਟਲੀ ਕੋਵਿਡ-19 ਨਾਲ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ । ਇੱਥੇ 26,997 ਲੋਕਾਂ ਦੀ ਮੌਤ ਦੇ ਨਾਲ 1,99,414 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 66,224 ਲੋਕ ਠੀਕ ਵੀ ਹੋਏ ਹਨ ।