Pompeo says enormous evidence: ਨਵੀਂ ਦਿੱਲੀ: ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਭਰ ਵਿੱਚ ਫੈਲਿਆ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਦੁਨੀਆ ਦੇ ਲਗਭਗ ਸਾਰੇ ਦੇਸ਼ ਇਸ ਮਾਰੂ ਵਾਇਰਸ ਦੀ ਲਪੇਟ ਵਿੱਚ ਹਨ । ਪਰ ਇਸ ਸਮੇਂ ਅਮਰੀਕਾ ਸਭ ਤੋਂ ਪ੍ਰਭਾਵਿਤ ਦੇਸ਼ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਤਾਰ ਦਾਅਵਾ ਕਰਦੇ ਰਹੇ ਹਨ ਕਿ ਇਹ ਮਨੁੱਖ ਦੁਆਰਾ ਬਣਾਇਆ ਵਾਇਰਸ ਹੈ ਅਤੇ ਇਸਦੀ ਸ਼ੁਰੂਆਤ ਚੀਨ ਦੀ ਲੈਬ ਵਿੱਚੋਂ ਹੋਈ ਹੈ । ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਬਾਅਦ ਹੁਣ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਇਹੀ ਦਾਅਵਾ ਕੀਤਾ ਹੈ ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਚੀਨ ਦੀ ਸਾਜਿਸ਼ ਦਾ ਨਤੀਜਾ ਹੈ । ਪੌਂਪੀਓ ਨੇ ਕਿਹਾ ਕਿ ਸਾਡੇ ਕੋਲ ਪੱਕੇ ਸਬੂਤ ਹਨ ਕਿ ਇਹ ਵਾਇਰਸ ਵੁਹਾਨ ਤੋਂ ਹੀ ਆਇਆ ਹੈ । ਮਾਈਕ ਪੌਂਪੀਓ ਨੇ ਅਮਰੀਕੀ ਨਿਊਜ਼ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਇਹ ਵੀ ਦੋਸ਼ ਲਾਇਆ ਕਿ ਚੀਨ ਕੋਲ ਕੋਰੋਨਾ ਨੂੰ ਰੋਕਣ ਦਾ ਮੌਕਾ ਸੀ, ਪਰ ਉਸਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ।
ਮਾਈਕ ਪੌਂਪੀਓ ਨੇ ਕਿਹਾ ਕਿ ਯਾਦ ਰੱਖੋ ਦੁਨੀਆ ਵਿੱਚ ਵਾਇਰਸ ਫੈਲਾਉਣ ਅਤੇ ਹੇਠਲੇ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਚਲਾਉਣ ਦਾ ਚੀਨ ਦਾ ਪੁਰਾਣਾ ਰਿਕਾਰਡ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੀਨ ਦੀ ਲੈਬ ਵਿੱਚ ਅਸਫਲ ਹੋਣ ਕਾਰਨ ਵਾਇਰਸ ਦੁਨੀਆ ਵਿੱਚ ਫੈਲਿਆ ਹੈ । ਖੁਫੀਆ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ । ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਚੀਨ ਵਿਰੁੱਧ ਸਬੂਤ ਦੀ ਗੱਲ ਕਹਿ ਚੁੱਕੇ ਹਨ ।
ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ ਅਤੇ ਉਸ ਦੇ ਮੰਤਰੀ ਕੋਰੋਨਾ ਲਈ ਚੀਨ ‘ਤੇ ਇਲਜ਼ਾਮ ਲਗਾ ਰਹੇ ਹਨ, ਪਰ ਉਨ੍ਹਾਂ ਦੇ ਖੁਫੀਆ ਵਿਭਾਗ ਨੇ ਕੋਰੋਨਾ ਦੇ ਮਨੁੱਖ ਰਾਹੀਂ ਤਿਆਰ ਹੋਣ ਦੇ ਸਿਧਾਂਤ ਨੂੰ ਰੱਦ ਕਰ ਦਿੱਤਾ ਹੈ ।