13.44 F
New York, US
December 23, 2024
PreetNama
ਫਿਲਮ-ਸੰਸਾਰ/Filmy

ਸਿੱਧੂ ਮੂਸੇਵਾਲਾ ਨੂੰ ਲਾ ਦਿਓ ਪੰਜਾਬ ਪੁਲਿਸ ਦਾ ਡੀਜੀਪੀ, ਕੈਪਟਨ ਨੂੰ ਲਿਖੀ ਚਿੱਠੀ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵਿਵਾਦਾਂ ਨਾਲ ਗਹਿਰਾ ਰਿਸ਼ਤਾ ਹੈ। ਇੰਨਾ ਸ਼ਾਇਦ ਉਹ ਆਪਣੇ ਗਾਣਿਆਂ ਜ਼ਰੀਏ ਵੀ ਮਕਬੂਲ ਨਾ ਹੁੰਦਾ ਜਿਨ੍ਹਾਂ ਉਸ ਨੂੰ ਵਿਵਾਦਾਂ ਨੇ ਮਸ਼ਹੂਰ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਖਿਲਾਫ ਕਈ ਸ਼ਿਕਾਇਤਾਂ ਦਰਜ ਹੋਣ ਦੇ ਬਾਵਜੂਦ ਉਸ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ‘ਤੇ ਪੰਜਾਬ ਦੇ ਸਮਾਜਿਕ ਕਾਰਕੁਨਾਂ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਇੰਨਾ ਮਾਣ ਸਤਿਕਾਰ ਦੇਣਾ ਹੈ ਤਾਂ ਉਸ ਨੂੰ ਪੰਜਾਬ ਪੁਲਿਸ ਦਾ ਮੁਖੀ ਤਾਇਨਾਤ ਕਰ ਦੇਣ।

ਐਡਵੋਕੇਟ ਹਾਕਮ ਸਿੰਘ, ਆਰਟੀਆਈ ਐਕਟਿਵਿਸਟ ਕੁਲਦੀਪ ਸਿੰਘ ਖਹਿਰਾ, ਪਰਵਿੰਦਰ ਸਿੰਘ ਕਿੱਤਣਾ ਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵੱਲੋਂ ਭੇਜੇ ਗਏ ਪੱਤਰ ਵਿੱਚ ਪੰਜਾਬ ਪੁਲਿਸ ਦੀਆਂ ਮੂਸੇਵਾਲਾ ਤੇ ਮਿਹਰਬਾਨੀਆਂ ਤੇ ਮਿਲੀਭੁਗਤ ਦੀਆਂ ਕਈ ਉਦਾਹਰਣਾਂ ਦਿੱਤੀਆਂ ਗਈਆਂ ਹਨ ।

ਉਨ੍ਹਾਂ ਚਿੱਠੀ ‘ਚ ਲਿਖਿਆ ਕਿ ਸਿੱਧੂ ਮੂਸੇਵਾਲਾ ਬਾਰੇ ਆਪ ਜਾਣਦੇ ਹੋਵੋਗੇ। ਜੇ ਆਪ ਨਹੀਂ ਤਾਂ ਤੁਹਾਡੀ ਪੁਲਿਸ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਪੰਜਾਬ ਵਿੱਚ ਕਰੋਨਾ ਲਈ ਇੱਕ ਖ਼ਾਸ ਵਰਗ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਬਾਰੇ ਗਾਏ ਗੀਤ ਦੀ ਸ਼ੁਰੂਆਤ ‘ਚ ਸਿੱਧੂ ਮੂਸੇਵਾਲਾ ਨੇ ਪੰਜਾਬ ਪੁਲਿਸ ਦੇ ਲੋਗੋ ਦੀ ਵਰਤੋਂ ਵੀ ਕੀਤੀ ਸੀ। ਉਸ ਤੋਂ ਵੀ ਹੈਰਾਨੀ ਦੀ ਗੱਲ ਪੰਜਾਬ ਦੇ ਡੀਜੀਪੀ ਨੇ ਉਸ ਦਾ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤਾ ਸੀ।

ਉਨ੍ਹਾਂ ਲਿਖਿਆ “ਅਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਨਹੀਂ ਜਾਣਦੇ ਸੀ। ਅਸੀਂ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਉਸ ਵੱਲੋਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਜਾਣ ਕਰਕੇ ਉਸ ਖ਼ਿਲਾਫ਼ ਸ਼ਿਕਾਇਤਾਂ ਕਰਦੇ ਸੀ। ਸਾਨੂੰ ਸਮਝਦਾਰ ਲੋਕਾਂ ਨੇ ਬੜਾ ਸਮਝਾਇਆ ਕਿ ਸਿੱਧੂ ਮੂਸੇ ਵਾਲੇ ਦੀਆਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਓ ਪੁਲਿਸ ਨੇ ਉਸ ਖਿਲਾਫ ਕਾਰਵਾਈ ਨਹੀਂ ਕਰਨੀ ਪਰ ਸਾਡਾ ਕਾਨੂੰਨ ਵਿੱਚ ਵਿਸ਼ਵਾਸ ਸੀ। ਇਹ ਤਾਂ ਸਾਨੂੰ ਹੁਣ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਦਾ ਕੱਦ ਜ਼ਿਆਦਾ ਉੱਚਾ ਹੈ।”

ਪੱਤਰ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਡਵੋਕੇਟ ਐਚਸੀ ਅਰੋੜਾ ਦੀ ਸ਼ਿਕਾਇਤ ‘ਤੇ ਸਿੱਧੂ ਮੂਸੇਵਾਲਾ ਖ਼ਿਲਾਫ਼ ਮਾਨਸਾ ਜ਼ਿਲ੍ਹੇ ‘ਚ ਪਰਚਾ ਦਰਜ ਹੋਣ, ਜ਼ਿਲ੍ਹਾ ਬਰਨਾਲਾ ਤੇ ਸੰਗਰੂਰ ਵਿੱਚ ਉਸ ਖ਼ਿਲਾਫ਼ ਫਾਇਰਿੰਗ ਕਰਨ ਦੇ ਮੁਕੱਦਮੇ ਦਰਜ ਹੋਣ, ਐਡਵੋਕੇਟ ਰਵੀ ਜੋਸ਼ੀ ਦੀ ਜਨਹਿਤ ਪਟੀਸ਼ਨ ਦੇ ਜਵਾਬ ਵਿੱਚ ਆਰਮਜ਼ ਐਕਟ ਲਾਉਣ ਤੇ ਪਟਿਆਲਾ ਦੇ ਨਾਭਾ ਥਾਣੇ ਦੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਥਾਂ ਸਿਰਫ਼ ਚਲਾਨ ਕੱਟ ਕੇ ਛੱਡਣ ਦੀਆਂ ਘਟਨਾਵਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ।

ਚਿੱਠੀ ‘ਚ ਲਿਖਿਆ ਕਿ “ਸਿੱਧੂ ਮੂਸੇਵਾਲਾ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਆਪਣੇ ਹਿਸਾਬ ਨਾਲ ਚਲਾ ਰਿਹਾ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਪੰਜਾਬ ਸਰਕਾਰ ਵਲੋਂ ਏਨਾ ਹੀ ਕਾਬਲ ਤੇ ਸਨਮਾਨਯੋਗ ਸਮਝਿਆ ਜਾ ਰਿਹਾ ਹੈ ਤਾਂ ਚੰਗਾ ਹੋਵੇਗਾ ਕਿ ਇਸ ਨੂੰ ਡੀਜੀਪੀ ਬਣਾ ਕੇ ਪੂਰੀ ਪੰਜਾਬ ਪੁਲਿਸ ਦਾ ਮੁਖੀ ਲਾ ਦਿੱਤਾ ਜਾਵੇ ਤਾਂ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਕਾਨੂੰਨੀ ਤੌਰ ‘ਤੇ ਉਸ ਨੂੰ ਇੱਜ਼ਤ ਮਾਣ ਦੇ ਸਕਣ ਤੇ ਉਸ ਦੀ ਇੱਛਾ ਮੁਤਾਬਕ ਕੰਮ ਕਰ ਸਕਣ।”

Related posts

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਹੋਈ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ..!!

PreetNama

Daljeet Kaur Death : 80 ਤੋਂ ਵੱਧ ਫਿਲਮਾਂ ਕਰਨ ਵਾਲੀ ਪੰਜਾਬੀ ਅਦਾਕਾਰਾ ਦੇ ਸਸਕਾਰ ‘ਚ ਨਹੀਂ ਪੁੱਜੀ ਕੋਈ ਫਿਲਮੀ ਹਸਤੀ

On Punjab

ਅਦਾਕਾਰਾ ਕੋਇਨਾ ਮਿਤ੍ਰਾ ਨੂੰ ਸਜ਼ਾ-ਏ-ਕੈਦ

On Punjab