ਬੀਜਿੰਗ: ਚੀਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਚੀਨੀ ਸੋਸ਼ਲ ਮੀਡੀਆ ਵੈੱਬਸਾਈਟਸ ਨੇ ਹਟਾ ਦਿੱਤਾ ਹੈ। ਅਜਿਹਾ ਕਰਨ ਵਾਲਿਆਂ ਵਿੱਚ ਪ੍ਰਚਲਿਤ ਵੀ-ਚੈਟ ਤੇ ਵੇਇਬੋ ਸ਼ਾਮਲ ਹਨ।
ਟਵਿੱਟਰ ਵਾਂਗ ਕੰਮ ਕਰਨ ਵਾਲੀਆਂ ਚੀਨੀ ਸਾਈਟਸ ਸਾਇਨਾ ਵੇਇਬੋ ਤੇ ਵੀ ਚੈਟ ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਦੁਨੀਆ ਦੇ ਕਈ ਵੱਡੇ ਨੇਤਾ ਆਪਣੀ ਗੱਲ ਰੱਖਣ ਲਈ ਵਰਤਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 18 ਜੂਨ ਨੂੰ ਸਾਇਨਾ ਵੇਇਬੋ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦਾ ਬਿਆਨ ਡਿਲੀਟ ਕੀਤਾ ਸੀ। ਇਸ ਉਪਰੰਤ ਭਾਰਤੀ ਅਧਿਕਾਰੀਆਂ ਨੇ ਅਗਲੇ ਦਿਨ ਉਸੇ ਬਿਆਨ ਦੇ ਸਕ੍ਰੀਨ ਸ਼ੌਟ ਮੁੜ ਤੋਂ ਸਾਂਝੇ ਕੀਤੇ।
ਪੂਰਬੀ ਲੱਦਾਖ ਦੀ ਗਲਵਨ ਘਾਟੀ ਵਿੱਚ ਭਾਰਤੀ ਫ਼ੌਜੀਆਂ ਦੀ ਸ਼ਹਾਦਤ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਵੀ ਸਾਇਨਾ ਵੇਇਬੋ ਤੇ ਵੀ ਚੈਟ ‘ਤੇ ਉਪਲਬਧ ਨਹੀਂ ਹੈ। ਵੀ ਚੈਟ ਨੇ ਇਸ ਕੰਟੈਂਟ ਨੂੰ ਇਹ ਦੱਸਦਿਆਂ ਹਟਾ ਦਿੱਤਾ ਹੈ ਕਿ ਇਸ ਨੂੰ ਲੇਖਕ ਨੇ ਹੀ ਹਟਾ ਦਿੱਤਾ ਹੈ ਪਰ ਅਧਿਕਾਰੀਆਂ ਮੁਤਾਬਕ ਉਨ੍ਹਾਂ ਅਜਿਹਾ ਨਹੀਂ ਕੀਤਾ ਹੈ। ਇਨ੍ਹਾਂ ਦੋਵਾਂ ਵੈੱਬਸਾਈਟਸ ‘ਤੇ ਭਾਰਤੀ ਦੂਤਾਵਾਸ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।