ਵਾਸ਼ਿੰਗਟਨ: ਭਾਰਤ ਤੇ ਚੀਨ ਵਿਚਾਲੇ ਵਧੇ ਤਣਾਅ ਵਿੱਚ ਅਮਰੀਕਾ ਦੇ ਤਾਜ਼ਾ ਐਲਾਨ ਨੇ ਖਲਬਲੀ ਮਚਾ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਯੂਰਪ ਤੋਂ ਆਪਣੀਆਂ ਫੌਜਾਂ ਨੂੰ ਘਟਾ ਰਿਹਾ ਹੈ ਤੇ ਕਿਤੇ ਹੋਰ ਤਾਇਨਾਤ ਕਰ ਰਿਹਾ ਹੈ, ਕਿਉਂਕਿ ਚੀਨ, ਭਾਰਤ ਤੇ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਲਈ ਖਤਰਾ ਹੈ। ਇਸ ਦੇ ਨਾਲ ਹੀ ਚਰਚਾ ਛਿੜ ਗਈ ਹੈ ਕਿ ਹੁਣ ਦੁਨੀਆ ਮੁੜ ਵਿਸ਼ਵ ਯੁੱਧ ਵੱਲ ਵਧ ਰਹੀ ਹੈ।
ਪੋਂਪੀਓ ਨੇ ਇਹ ਗੱਲ ਬਰੱਸਲਜ਼ ਫੋਰਮ ਵਿੱਚ ਆਪਣੇ ਇੱਕ ਵਰਚੂਅਲ ਸੰਬੋਧਨ ਦੌਰਾਨ ਪੁੱਛੇ ਸਵਾਲ ਦੇ ਜਵਾਬ ‘ਚ ਕਹੀ। ਪੋਂਪੀਓ ਦੀ ਟਿੱਪਣੀ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਪ੍ਰਸੰਗ ‘ਚ ਅਹਿਮ ਹੈ। ਪੋਂਪੀਓ ਨੂੰ ਪੁੱਛਿਆ ਗਿਆ ਕਿ ਅਮਰੀਕਾ ਨੇ ਜਰਮਨੀ ਤੋਂ ਆਪਣੀਆਂ ਫ਼ੌਜਾਂ ਕਿਉਂ ਘਟਾ ਦਿੱਤੀਆਂ। ਉਨ੍ਹਾਂ ਦਾ ਜਵਾਬ ਸੀ- ਕਿਉਂਕਿ ਉਨ੍ਹਾਂ ਨੂੰ ਕਿਤੇ ਹੋਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਚੀਨ ਨੂੰ ਭਾਰਤ ਤੇ ਦੱਖਣ-ਪੂਰਬੀ ਏਸ਼ੀਆ ਲਈ ਖ਼ਤਰਾ ਦੱਸਿਆ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀਆਂ ਕਾਰਵਾਈਆਂ ਕਾਰਨ ਭਾਰਤ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ ਤੇ ਦੱਖਣੀ ਚੀਨ ਸਾਗਰ ਦੁਆਲੇ ਖ਼ਤਰਾ ਪੈਦਾ ਹੋ ਗਿਆ ਹੈ। ਅਸੀਂ ਇਹ ਯਕੀਨੀ ਕਰਾਂਗੇ ਕਿ ਯੂਐਸ ਦੀ ਫੌਜ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹੀ ਜਗ੍ਹਾ ‘ਤੇ ਤਾਇਨਾਤ ਹੋਵੇ।
ਪੋਂਪੀਓ ਨੇ ਕਿਹਾ ਕਿ ਇਹ ਸਿਰਫ ਅਮਰੀਕਾ ਹੀ ਨਹੀਂ ਜੋ ਚੀਨ ਦਾ ਸਾਹਮਣਾ ਕਰ ਰਿਹਾ ਹੈ, ਪੂਰੀ ਦੁਨੀਆਂ ਚੀਨ ਦਾ ਸਾਹਮਣਾ ਕਰ ਰਹੀ ਹੈ। ਪੋਂਪੀਓ ਨੇ ਕਿਹਾ ਕਿ ਮੈਂ ਇਸ ਮਹੀਨੇ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਤੇ ਚੀਨ ਦੀ ਕਮਿਊਨਿਸਟ ਪਾਰਟੀ ਬਾਰੇ ਫੀਡਬੈਕ ਲਈ।
ਲੱਦਾਖ ਵਿੱਚ ਭਾਰਤ ਨਾਲ ਹੋਈ ਘਾਤਕ ਟਕਰਾਅ, ਪੀਪਲਜ਼ ਲਿਬਰੇਸ਼ਨ ਆਰਮੀ ਦੁਆਰਾ ਉਕਸਾਏ ਸਮੇਤ ਕਈ ਤੱਥ ਸਾਹਮਣੇ ਆਏ ਹਨ। ਇਸ ਵਿੱਚ ਦੱਖਣੀ ਚੀਨ ਸਾਗਰ ਵਿੱਚ ਉਸ ਦੀ ਹਮਲਾਵਰਤਾ ਤੇ ਸ਼ਾਂਤਮਈ ਗੁਆਂਢੀਆਂ ਵਿਰੁੱਧ ਖ਼ਤਰੇ ਦਾ ਜ਼ਿਕਰ ਹੈ।