ਫਾਜ਼ਿਲਕਾ: ਵਿਧਾਨ ਸਭਾ ਹਲਕਾ ਬਲੂਆਣਾ ਦੇ ਲੋਕਾਂ ਨੇ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਹਿਜ਼ਰਤ ਕਰਨੀ ਸ਼ੁਰੂ ਕਰ ਦਿਤੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਨਾ ਹੀ ਹਲਕੇ ਦਾ ਵਿਧਾਇਕ ਲੋਕਾਂ ਦੀ ਸਾਰ ਲੈਣ ਲਈ ਪਹੁੰਚਿਆ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਾਰ ਲਏ ਜਾਣ ਦਾ ਇਲਜ਼ਾਮ ਲੋਕਾਂ ਵੱਲੋਂ ਲਾਇਆ ਜਾ ਰਿਹਾ ਹੈ।
ਪਿੰਡ ਰਾਏਪੁਰਾ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਚੁੱਕਾ ਹੈ। ਪਾਣੀ ਰੋਕਣ ਤੋਂ ਅਸਫ਼ਲ ਰਹਿਣ ਮਗਰੋਂ ਲੋਕਾਂ ਵੱਲੋਂ ਆਪਣਾ ਜ਼ਰੂਰੀ ਸਾਮਾਨ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਲੋਕ ਆਪਣੇ ਘਰ ਛੱਡ ਕੇ ਜਾਣ ਲਈ ਮਜ਼ਬੂਰ ਹਨ।
ਹਾਲਾਤ ਇਹ ਹਨ ਕਿ ਘਰ ਪੂਰੇ ਪਾਣੀ ਨਾਲ ਭਰ ਚੁੱਕੇ ਹਨ ਤੇ ਘਰ ਦੇ ਭਾਂਡੇ-ਟੀਂਡੇ ਤੇ ਹੋਰ ਸਾਮਾਨ ਪਾਣੀ ‘ਚ ਤੈਰ ਰਿਹਾ ਹੈ। ਇੱਕ ਬਜ਼ੁਰਗ ਜੋੜਾ ਅਜਿਹੀ ਸਥਿਤੀ ‘ਚ ਖੁੱਲ੍ਹੇ ਅਸਮਾਨ ਹੇਠ ਤੰਬੂ ਲਾ ਕੇ ਉਸ ਵਿੱਚ ਰਹਿਣ ਲਈ ਮਜਬੂਰ ਹੈ।
ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸਥਿਤੀ ਬੇਹੱਦ ਖ਼ਰਾਬ ਤੇ ਨਾਜ਼ੁਕ ਬਣੀ ਹੋਈ ਹੈ ਪਰ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਇਆ ਹੈ ਤੇ ਨਾ ਹੀ ਮੌਜੂਦਾ ਕਾਂਗਰਸੀ ਵਿਧਾਇਕ ਨੱਥੂ ਰਾਮ। ਲੋਕਾਂ ਦਾ ਰੋਸ ਹੈ ਕਿ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ, ਉਦੋਂ ਸਾਰੇ ਪਹੁੰਚ ਜਾਂਦੇ ਹਨ ਪਰ ਹੁਣ ਜਦੋਂ ਉਨ੍ਹਾਂ ‘ਤੇ ਮੁਸੀਬਤ ਬਣੀ ਹੋਈ ਹੈ ਤੇ ਉਹ ਘਰ ਛੱਡਣ ਲਈ ਮਜਬੂਰ ਹਨ ਤਾਂ ਕਿਸੇ ਨੇ ਉਨ੍ਹਾਂ ਦੀ ਸਾਰ ਨਹੀ ਲਈ।