ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਦੇਸ਼ ਵਿਆਪੀ ਅਨਲੌਕ ਦੇ ਚੌਥੇ ਪੜਾਅ ਦੀ ਆਖਰੀ ਤਰੀਕ 30 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਹੁਣ ਅਨਲੌਕ-5 ਨਵੇਂ ਮਹੀਨੇ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਨਲੌਕ -5 ਤਹਿਤ ਦਿੱਤੀਆਂ ਛੋਟਾਂ ਬਾਰੇ ਅੱਜ ਕੇਂਦਰ ਸਰਕਾਰ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੀ ਹੈ। 1 ਅਕਤੂਬਰ ਤੋਂ ਦੇਸ਼ ਵਿੱਚ ਕੀ ਖੁੱਲ੍ਹਣਗੇ ਤੇ ਕੀ ਨਹੀਂ ਖੁੱਲ੍ਹਣਗੇ, ਇਸ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ।
ਸਿਨੇਮਾ ਹਾਲ ਖੋਲ੍ਹਣ ‘ਤੇ ਛੋਟ ਦਿੱਤੀ ਜਾ ਸਕਦੀ:
ਦੇਸ਼ ਭਰ ਦੇ ਸਿਨੇਮਾ ਹਾਲ 25 ਮਾਰਚ ਤੋਂ ਬੰਦ ਹਨ। ਹੁਣ 1 ਅਕਤੂਬਰ ਤੋਂ ਕੇਂਦਰ ਸਰਕਾਰ ਸਾਵਧਾਨੀ ਨਾਲ ਪੂਰੇ ਦੇਸ਼ ਦੇ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦੇ ਸਕਦੀ ਹੈ। ਹਾਲਾਂਕਿ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 1 ਅਕਤੂਬਰ ਤੋਂ ਸੂਬੇ ਦੇ ਸਾਰੇ ਸਿਨੇਮਾ ਹਾਲਾਂ, ਨਾਚ-ਗਾਉਣ ਤੇ ਜਾਦੂ ਦੇ ਸ਼ੋਅ ਸ਼ੁਰੂ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਵਿਚ 50 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ। ਇਹ ਪ੍ਰਮੀਸ਼ਨ ਸਮਾਜਿਕ ਦੂਰੀਆਂ ਤੋਂ ਬਚਣ, ਮਾਸਕ ਪਹਿਨਣ ਤੇ ਕੋਵਿਡ-19 ਤੋਂ ਬਚਣ ਲਈ ਹੋਰ ਸ਼ਰਤਾਂ ਦੇ ਨਾਲ ਦਿੱਤੀ ਜਾਏਗੀ।
ਟੂਰਿਸਟ ਨੂੰ ਰਾਹਤ ਮਿਲ ਸਕਦੀ:
ਲੌਕਡਾਊਨ ਵਿੱਚ ਸੈਰ ਸਪਾਟਾ ਖੇਤਰ ਬਹੁਤ ਪ੍ਰਭਾਵਿਤ ਹੋਏ ਹਨ। ਹਾਲ ਹੀ ਵਿਚ ਤਾਜ ਮਹਿਲ ਸਮੇਤ ਕੁਝ ਯਾਤਰੀ ਸਥਾਨਾਂ ਨੂੰ ਖੋਲ੍ਹਿਆ ਗਿਆ ਸੀ। ਅਨਲੌਕ -5 ਦੇ ਤਹਿਤ ਗ੍ਰਹਿ ਮੰਤਰਾਲੇ ਯਾਤਰੀਆਂ ਲਈ ਬਾਕੀ ਯਾਤਰੀ ਸਥਾਨ ਖੋਲ੍ਹਣ ਦੀ ਇਜਾਜ਼ਤ ਦੇ ਸਕਦੇ ਹਨ। ਹਾਲਾਂਕਿ, ਉਤਰਾਖੰਡ ਸਰਕਾਰ ਨੇ ਬਗੈਰ ਕਿਸੇ ਕੁਆਰੰਟਿਨ ਦੇ ਯਾਤਰੀਆਂ ਨੂੰ ਰਾਜ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੋਈ ਹੈ।
ਪ੍ਰਾਇਮਰੀ ਸਕੂਲ ਦੇ ਬੰਦ ਹੋਣ ਦੀ ਸੰਭਾਵਨਾ:
ਅਨਲੌਕ -4 ਵਿੱਚ ਗ੍ਰਹਿ ਮੰਤਰਾਲੇ ਨੇ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਦੇਸ਼ ਭਰ ਵਿੱਚ ਕੰਨਟੇਨਮੈਂਟ ਜ਼ੋਨ ਦੇ ਬਾਹਰ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਸੀ। 21 ਸਤੰਬਰ ਤੋਂ ਕੁਝ ਸੂਬਿਆਂ ਵਿੱਚ ਸਕੂਲ ਮੁੜ ਖੁੱਲ੍ਹ ਗਏ। ਹੁਣ ਅਗਲੇ ਮਹੀਨੇ ਦੂਜੇ ਸੂਬਿਆਂ ‘ਚ ਵੀ ਇਸ ਦੀ ਪ੍ਰਮਿਸ਼ਨ ਦੇ ਸਕਦੇ ਹਨ। ਹਾਲਾਂਕਿ, ਪ੍ਰਾਇਮਰੀ ਸਕੂਲ ਕੁਝ ਹੋਰ ਹਫ਼ਤਿਆਂ ਲਈ ਬੰਦ ਰਹਿਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਅਨਲੌਕ -4 ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਨੇਮਾ ਹਾਲਾਂ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰਾਂ (ਓਪਨ ਏਅਰ ਥੀਏਟਰ ਨੂੰ ਛੱਡ ਕੇ) ਅਤੇ ਅਜਿਹੀਆਂ ਥਾਂਵਾਂ ‘ਤੇ ਗਤੀਵਿਧੀਆਂ ‘ਤੇ ਪਾਬੰਦੀ ਲਗਾਈ ਗਈ ਸੀ। 21 ਸਤੰਬਰ ਤੋਂ 100 ਵਿਅਕਤੀਆਂ ਦੀ ਵੱਧ ਤੋਂ ਵੱਧ ਗਿਣਤੀ ਵਾਲੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰੋਗਰਾਮਾਂ ਦੀ ਇਜਾਜ਼ਤ ਹੈ।