ਢਾਕਾ: ਬੰਗਲਾਦੇਸ਼ ਅੰਦਰ ਹਾਲ ਹੀ ਵਿੱਚ ਜਿਨਸੀ ਸ਼ੋਸ਼ਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਮੰਤਰੀ ਮੰਡਲ ਨੇ ਸੋਮਵਾਰ ਨੂੰ ਬਲਾਤਕਾਰ ਦੇ ਮਾਮਲਿਆਂ ਵਿੱਚ ਵੱਧ ਤੋਂ ਵੱਧ ਸਜ਼ਾ ਨੂੰ ਉਮਰ ਕੈਦ ਤੋਂ ਮੌਤ ਦੀ ਸਜ਼ਾ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰੀ ਬੁਲਾਰੇ ਖੰਡਕਰ ਅਨਵਰੂਲ ਇਸਲਾਮ ਨੇ ਕਿਹਾ ਕਿ ਰਾਸ਼ਟਰਪਤੀ ਅਬਦੁੱਲ ਹਾਮਿਦ ਐਰਤ ਤੇ ਬਾਲ ਉਤਪੀੜਨ ਐਕਟ ਵਿੱਚ ਸੋਧ ਕਰਨ ਵਾਲੇ ਆਰਡੀਨੈਂਸ ਜਾਰੀ ਕਰ ਸਕਦੇ ਹਨ ਕਿਉਂਕਿ ਸੰਸਦ ਦਾ ਇਜਲਾਸ ਨਹੀਂ ਹੋ ਰਿਹਾ।
ਇਸ ਸੋਧ ਦੇ ਵੇਰਵੇ ਤੁਰੰਤ ਸਾਹਮਣੇ ਨਹੀਂ ਆਏ ਪਰ ਇਸਲਾਮ ਨੇ ਕਿਹਾ ਕਿ ਮੰਤਰੀ ਮੰਡਲ ਇਸ ਪ੍ਰਸਤਾਵ ਨਾਲ ਸਹਿਮਤ ਹੈ ਕਿ ਬਲਾਤਕਾਰ ਦੇ ਕੇਸ ਦੀ ਸੁਣਵਾਈ ਜਲਦੀ ਹੋਣੀ ਚਾਹੀਦੀ ਹੈ। ਮੌਜੂਦਾ ਕਾਨੂੰਨ ਤਹਿਤ ਬਲਾਤਕਾਰ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਸਜ਼ਾ ਉਮਰ ਕੈਦ ਹੈ। ਹਾਲਾਂਕਿ, ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਪੀੜਤ ਦੀ ਮੌਤ ਹੋ ਜਾਂਦੀ ਹੈ, ਮੌਤ ਦੀ ਸਜ਼ਾ ਦੀ ਇਜਾਜ਼ਤ ਹੈ। ਕਾਨੂੰਨ ਮੰਤਰੀ ਅਨੀਸੂਲ ਹੱਕ ਨੇ ਕਿਹਾ ਕਿ ਰਾਸ਼ਟਰਪਤੀ ਮੰਗਲਵਾਰ ਨੂੰ ਆਰਡੀਨੈਂਸ ਜਾਰੀ ਕਰ ਸਕਦੇ ਹਨ।
ਦੱਸ ਦਈਏ ਕਿ ਹਾਲ ਹੀ ਦੇ ਹਫਤਿਆਂ ਵਿੱਚ ਹਿੰਸਕ ਜਿਨਸੀ ਹਮਲਿਆਂ ਦੇ ਕਾਰਨ ਰਾਜਧਾਨੀ ਢਾਕਾ ਤੇ ਹੋਰ ਹਿੱਸਿਆਂ ‘ਚ ਵਿਸ਼ਾਲ ਪ੍ਰਦਰਸ਼ਨ ਹੋਏ। ਮਹਿਲਾਵਾਂ ਦੇ ਅਧਿਕਾਰਾਂ ਲਈ ਲੜਣ ਵਾਲੀ ਸੰਸਥਾ ਆਈਨ-ਓ-ਸਲੀਸ਼ ਸੈਂਟਰ ਮੁਤਾਬਕ ਦੇਸ਼ ਵਿੱਚ ਜਨਵਰੀ ਤੋਂ ਅਗਸਤ ਦਰਮਿਆਨ ਬਲਾਤਕਾਰ ਦੀਆਂ 889 ਘਟਨਾਵਾਂ ਹੋਈਆਂ ਤੇ ਘੱਟੋ-ਘੱਟ 41 ਪੀੜਤਾਂ ਦੀ ਮੌਤ ਹੋ ਗਈ।