ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਫਰਾਂਸੀਸੀਆਂ ਨੂੰ ਮਾਰਨ ਵਾਲੇ ਬਿਆਨ ਤੋਂ ਪਲਟ ਗਏ ਹਨ। ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਫਰਾਂਸ ਵਿਚ ਮੁਸਲਿਮ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲਿਆਂ ਨੂੰ ਲੈ ਕੇ ਉਨ੍ਹਾਂ ਦੀਆਂ ਟਿੱਪਣੀਆਂ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਅਤੇ ਫੇਸਬੁੱਕ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਪਲੇਟਫਾਰਮ ਤੋਂ ਹਟਾਏ ਜਾਣ ਦੀ ਵੀ ਨਿੰਦਾ ਕੀਤੀ ਹੈ।
95 ਸਾਲਾਂ ਦੇ ਮਹਾਤਿਰ ਨੇ ਆਪਣੇ ਬਲਾਗ ਵਿਚ ਲਿਖਿਆ ਸੀ ਕਿ ਮੁਸਲਮਾਨਾਂ ਨੂੰ ਗੁੱਸਾ ਹੋਣ ਅਤੇ ਫਰਾਂਸ ਵੱਲੋਂ ਪਿਛਲੇ ਸਮੇਂ ‘ਚ ਹੋਏ ਕਤਲੇਆਮ ਲਈ ਫਰਾਂਸ ਦੇ ਲੱਖਾਂ ਲੋਕਾਂ ਨੂੰ ਮਾਰਨ ਦਾ ਅਧਿਕਾਰ ਹੈ। ਟਵਿੱਟਰ ਨੇ ਮਹਾਤਿਰ ਦੀ ਟਿੱਪਣੀ ਵਾਲੇ ਟਵੀਟ ਨੂੰ ਹਟਾ ਦਿੱਤਾ ਸੀ। ਕੰਪਨੀ ਦਾ ਕਹਿਣਾ ਸੀ ਕਿ ਇਸ ਨਾਲ ਹਿੰਸਾ ਨੂੰ ਬੜ੍ਹਾਵਾ ਮਿਲਦਾ ਹੈ ਜਦਕਿ ਫਰਾਂਸ ਦੇ ਡਿਜੀਟਲ ਮੰਤਰੀ ਨੇ ਕੰਪਨੀ ਨੂੰ ਕਿਹਾ ਸੀ ਕਿ ਟਵਿੱਟਰ ਮਹਾਤਿਰ ‘ਤੇ ਉਮਰ ਭਰ ਲਈ ਪਾਬੰਦੀ ਲਗਾ ਦੇਵੇ।
ਮਹਾਤਿਰ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਖ਼ੁਦ ਨੂੰ ਗ਼ਲਤ ਤਰ੍ਹਾਂ ਨਾਲ ਪ੍ਰਦਰਸ਼ਿਤ ਕਰਨ ਅਤੇ ਬਲਾਗ ‘ਤੇ ਜੋ ਲਿਖਿਆ ਉਸ ਨੂੰ ਸੰਦਰਭ ਤੋਂ ਹੱਟ ਕੇ ਪੇਸ਼ ਕੀਤੇ ਜਾਣ ਦੇ ਯਤਨਾਂ ਤੋਂ ਨਿਰਾਸ਼ ਹਾਂ। ਆਲੋਚਕ ਉਸ ਦੇ ਬਾਅਦ ਦੀਆਂ ਸਤਰਾਂ ਨੂੰ ਪੜ੍ਹਨ ਤੋਂ ਵਾਂਝੇ ਰਹਿ ਗਏ ਜਿਸ ਵਿਚ ਲਿਖਿਆ ਗਿਆ ਸੀ ਕਿ ਹੁਣ ਤਕ ਵੱਡੀ ਗਿਣਤੀ ਵਿਚ ਮੁਸਲਮਾਨਾਂ ਨੇ ਅੱਖ ਦੇ ਬਦਲੇ ਅੱਖ ਵਾਲੀ ਨੀਤੀ ਨਹੀਂ ਅਪਣਾਈ ਹੈ। ਉਹ ਅਜਿਹਾ ਨਹੀਂ ਕਰਦੇ ਹਨ। ਫਰਾਂਸ ਦੇ ਲੋਕਾਂ ਨੂੰ ਵੀ ਨਹੀਂ ਕਰਨਾ ਚਾਹੀਦਾ। ਫਰਾਂਸ ਨੂੰ ਆਪਣੇ ਲੋਕਾਂ ਨੂੰ ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਅਤੇ ਫੇਸਬੁੱਕ ਨੇ ਸਪੱਸ਼ਟੀਕਰਨ ਪਿੱਛੋਂ ਵੀ ਉਨ੍ਹਾਂ ਦੇ ਬਿਆਨ ਨੂੰ ਹਟਾ ਦਿੱਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਕੰਪਨੀਆਂ ਦੇ ਇਸ ਕਦਮ ਨੂੰ ਪਖੰਡਪੂਰਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਪਾਸਿਉਂ ਤਾਂ ਉਹ ਉਨ੍ਹਾਂ ਲੋਕਾਂ ਦਾ ਬਚਾਅ ਕਰਦੇ ਹਨ ਜੋ ਪੈਗ਼ੰਬਰ ਮੁਹੰਮਦ ਦਾ ਇਤਰਾਜ਼ਯੋਗ ਕਾਰਟੂਨ ਬਣਾਉਂਦੇ ਹਨ ਅਤੇ ਉਮੀਦ ਕਰਦੇ ਹਨ ਕਿ ਸਾਰੇ ਮੁਸਲਿਮ ਵਿਚਾਰਾਂ ਦੀ ਆਜ਼ਾਦੀ ਦੇ ਨਾਂ ‘ਤੇ ਅੱਖ ਬੰਦ ਕਰ ਕੇ ਇਸ ਨੂੰ ਸਵੀਕਾਰ ਕਰ ਲੈਣ।
ਉਧਰ, ਦੂਜੇ ਪਾਸੇ ਉਨ੍ਹਾਂ ਨੇ ਜਾਣ ਬੁੱਝ ਕੇ ਇਹ ਬਿਆਨ ਹਟਾ ਦਿੱਤਾ ਕਿ ਅਤੀਤ ਵਿਚ ਮੁਸਲਿਮਾਂ ਨੇ ਕਦੇ ਵੀ ਬਦਲੇ ਦੀ ਗੱਲ ਨਹੀਂ ਕੀਤੀ। ਉਧਰ, ਮਲੇਸ਼ੀਆ ਵਿਚ ਅਮਰੀਕੀ ਰਾਜਦੂਤ ਕਮਲਾ ਸ਼ਿਰੀਨ ਲਖਦਿਰ ਨੇ ਕਿਹਾ ਹੈ ਕਿ ਉਹ ਮਹਾਤਿਰ ਦੇ ਬਿਆਨ ਨਾਲ ਪੂਰੀ ਤਰ੍ਹਾਂ ਅਸਹਿਮਤ ਹਨ ਕਿ ਵਿਚਾਰਾਂ ਦੀ ਆਜ਼ਾਦੀ ਇਕ ਅਧਿਕਾਰ ਹੈ। ਮਲੇਸ਼ੀਆ ਵਿਚ ਹੀ ਆਸਟ੍ਰੇਲਿਆਈ ਹਾਈ ਕਮਿਸ਼ਨਰ ਐਂਡਰਿਊ ਗੋਲਡੇਜਿਨੋਸਕੀ ਨੇ ਲਿਖਿਆ ਕਿ ਭਾਵੇਂ ਮਹਾਤਿਰ ਹਿੰਸਾ ਦੀ ਵਕਾਲਤ ਨਾ ਕਰ ਰਹੇ ਹੋਣ ਪ੍ਰੰਤੂ ਮੌਜੂਦਾ ਪਿੱਠਭੂਮੀ ਵਿਚ ਉਨ੍ਹਾਂ ਦਾ ਬਿਆਨ ਵਿਵਾਦ ਨੂੰ ਜਨਮ ਦੇ ਸਕਦਾ ਹੈ।