ਮੁੰਬਈ: ਸਾਲ 2020 ਬਾਲੀਵੁੱਡ ਲਈ ਕਾਲ ਵਰਗਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਕਈ ਸਿਤਾਰੇ ਇਸ ਸਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਹੁਣ ਖ਼ਬਰ ਆਈ ਹੈ ਕਿ ਅਭਿਨੇਤਾ ਆਸਿਫ ਬਸਰਾ (Asif Basra) ਦੀ ਮੌਤ ਹੋ ਗਈ। ਆਸਿਫ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹਾ ਦੇ ਧਰਮਸ਼ਾਲਾ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਮੈਕਲਡਗੰਜ ‘ਚ ਜੋਗੀਬਾੜਾ ਰੋਡ ‘ਤੇ ਇੱਕ ਕੈਫੇ ਦੇ ਨੇੜੇ ਖੁਦਕੁਸ਼ੀ ਕੀਤੀ।
ਆਸਿਫ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਸਿਫ ਕਿਰਾਏ ਦੇ ਮਕਾਨ ‘ਚ ਇੱਕ ਵਿਦੇਸ਼ੀ ਮਹਿਲਾ ਦੋਸਤ ਦੇ ਨਾਲ ਰਹਿ ਰਿਹਾ ਸੀ।
ਆਸਿਫ ਬਸਰਾ ਦੀ ਮੌਤ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਸਿਫ ਬਸਰਾ ਮੈਕਲੋਡਗੰਜ ‘ਚ ਯੂਕੇ ਤੋਂ ਆਪਣੀ ਇੱਕ ਔਰਤ ਦੋਸਤ ਦੇ ਨਾਲ ਲੀਵ ਇਨ ‘ਚ ਰਹਿੰਦੇ ਸੀ।
ਵੀਰਵਾਰ ਦੁਪਹਿਰ ਨੂੰ ਉਹ ਆਪਣੇ ਪਾਲਤੂ ਕੁੱਤੇ ਨੂੰ ਘੁੰਮਣ ਗਏ ਸੀ। ਇਸ ਤੋਂ ਬਾਅਦ ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਕੁੱਚੇ ਦੇ ਪੱਟੇ ਨਾਲ ਖੁਦਕੁਸ਼ੀ ਕਰ ਲਈ। ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਹ ਤਣਾਅ ਦਾ ਸ਼ਿਕਾਰ ਸੀ।
ਦੱਸ ਦਈਏ ਕਿ ਆਸਿਫ ਬਸਰਾ ਨੇ ‘ਪਰਜਾਨੀਆਂ’, ‘ਬਲੈਕ ਫ੍ਰਾਈਡੇ’, ‘ਵਨਸ ਅਪਨ ਅ ਟਾਈਮ ਇਨ ਮੁੰਬਈ’, ‘ਕ੍ਰਿਸ਼ 3’, ‘ਏਕ ਵਿਲਨ’, ‘ਮੰਜੂਨਾਥ’, ‘ਜਬ ਵੀ ਮੈਟ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ।