ਦੇਸ਼ ‘ਚ ਕਿਸਾਨੀ ਅੰਦੋਲਨ ਸਿਖਰ ‘ਤੇ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਸਾਨ ਜਾਂ ਕਿਸਾਨੀ ਨਾਲ ਸਬੰਧਤ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਕਿਸਾਨਾਂ ਦੀ ਫਿਕਰ ਪੀਐਮ ਮੋਦੀ ਨੂੰ ਹੋਵੇ ਜਾਂ ਨਾ ਹੋਵੇ ਪਰ ਚੋਣਾਂ ਦੀ ਫਿਕਰ ਜ਼ਰੂਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ‘ਵਨ ਨੇਸ਼ਨ, ਵਨ ਇਲੈਕਸ਼ਨ’ ਭਾਰਤ ਲਈ ਸਮੇਂ ਦੀ ਜ਼ਰੂਰਤ ਹੈ ਤੇ ਕਿਹਾ ਕਿ ਕੁਝ ਮਹੀਨਿਆਂ ‘ਚ ਇੱਥੇ ਚੋਣਾਂ ਆ ਜਾਣ ਕਾਰਨ ਦੇਸ਼ ਦੇ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ।
ਵੀਡਿਓ ਕਾਨਫਰੰਸਿੰਗ ਰਾਹੀਂ ਸੰਵਿਧਾਨ ਦਿਵਸ ‘ਤੇ 80 ਵੇਂ ਆਲ ਇੰਡੀਆ ਪ੍ਰੈਜ਼ੀਡਿੰਗ ਅਫਸਰਾਂ ਦੀ ਕਾਨਫਰੰਸ ਦੇ ਆਖਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ 26/11 ਦੇ ਮੁੰਬਈ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਹੁਣ ਅੱਤਵਾਦ ਨਾਲ ਲੜ ਰਿਹਾ ਹੈ, ਪਰ ਨਵੀਂ ਨੀਤੀ ਤੇ ਨਵੇਂ ਤਰੀਕਿਆਂ ਨਾਲ।
ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ, ਵਿਧਾਨ ਸਭਾ ਤੇ ਪੰਚਾਇਤ ਚੋਣਾਂ ਲਈ ਇਕੋ ਵੋਟਰ ਸੂਚੀ ਦਾ ਸੁਝਾਅ ਦਿੰਦਿਆਂ ਕਿਹਾ ਕਿ ਵੱਖ-ਵੱਖ ਸੂਚੀਆਂ ਨਾਲ ਸਰੋਤਾਂ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ- ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਰਾਜਨੀਤੀ ਲੋਕਾਂ ਤੇ ਦੇਸ਼ ਦੀਆਂ ਨੀਤੀਆਂ ‘ਤੇ ਹਾਵੀ ਹੋ ਜਾਂਦੀ ਹੈ ਤਾਂ ਇਸ ਦੇ ਉਲਟ ਰਾਸ਼ਟਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।