ਮਿਲਾਵਟ ਅੱਜ ਵੀ ਦੇਸ਼ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਤਾਜ਼ਾ ਖ਼ਬਰ ਸ਼ਹਿਦ ਨੂੰ ਲੈ ਕੇ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀਐੱਸਈ) ਨੇ ਦੇਸ਼ ਭਰ ‘ਚ ਵੇਚੇ ਜਾ ਰਹੇ 13 ਛੋਟੇ-ਛੋਟੇ ਬ੍ਰਾਂਡਾਂ ਦੇ ਸ਼ਹਿਦ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਤਾਂ 77 ਫ਼ੀਸਦੀ ਨਮੂਨੇ ਫੇਲ੍ਹ ਹੋਏ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜ਼ਿਆਦਾਰ ਕੰਪਨੀਆਂ ਨੇ ਸ਼ਹਿਦ ‘ਚ ਚਾਈਨਜ਼ ਸ਼ੂਗਰ ਸਿਰਪ ਯਾਨੀ ਖੰਡ ਦਾ ਘੋਲ ਮਿਲਾਇਆ ਜਾ ਰਿਹਾ ਹੈ। ਹੁਣ ਸਰਕਾਰ ਐਕਸ਼ਨ ‘ਚ ਆਈ ਹੈ ਤੇ ਕਾਰਵਾਈ ਦੀ ਰਣਨੀਤੀ ਬਣਾ ਰਹੀ ਹੈ। ਇਸ ਖ਼ਬਰ ਦੌਰਾਨ ਡਾਬਰ ਤੇ ਪਤੰਜਲੀ ਨੇ ਸੀਐੱਸਈ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਉਹ ਕੁਦਰਤੀ ਤਰੀਕੇ ਨਾਲ ਸ਼ਹਿਦ ਬਣਾਉਂਦੀਆਂ ਹਨ। ਇਹ ਰਿਪੋਰਟ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਸੋਚੀ-ਸਮਝੀ ਕੋਸ਼ਿਸ਼ ਲੱਗ ਰਹੀ ਹੈ।ਸ਼ਹਿਦ ‘ਚ ਮਿਲਾਵਟ ਦਾ ਖੁਲਾਸਾ ਸੀਐੱਸਈ ਦੀ ਮਹਾਨਿਰਦੇਸ਼ਕ ਸੁਨੀਤਾ ਨਰਾਇਣ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਦ ਦੀ ਸ਼ੁੱਧਤਾ ਦੀ ਜਾਂਚ ਲਈ ਨਿਰਧਾਰਤ ਕੀਤੇ ਗਏ ਭਾਰਤੀ ਮਾਪਦੰਡਾਂ ਜ਼ਰੀਏ ਇਸ ਮਿਲਾਵਟ ਨੂੰ ਨਹੀਂ ਫੜਿਆ ਜਾ ਸਕਦਾ, ਕਿਉਂਕਿ ਚੀਨ ਦੀਆਂ ਕੰਪਨੀਆਂ ਅਜਿਹੇ ਸ਼ੂਗਰ ਸਿਰਪ ਤਿਆਰ ਕਰ ਰਹੀਆਂ ਹਨ, ਜੋ ਭਾਰਤੀ ਜਾਂਚ ਮਾਪਦੰਡਾਂ ‘ਤੇ ਆਸਾਨੀ ਨਾਲ ਖ਼ਰੇ ਉਤਰ ਜਾਂਦੇ ਹਨ।1 ਅਗਸਤ, 2020 ਨੂੰ ਆਯਾਤ ਕੀਤੇ ਸ਼ਹਿਦ ਦੀ ਗੁਣਵੱਤਾ ਦੀ ਜਾਂਚ ਲਈ ਐੱਨਐੱਮਆਰ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤਕ ਪੁਣੇ ‘ਚ ਹੀ ਮਸ਼ੀਨ ਲਾਈ ਗਈ ਹੈ। ਕੰਪਨੀਆਂ ਦੀ ਮਿਲੀਭੁਗਤ ਨਾਲ ਉਥੇ ਵੀ ਪ੍ਰਭਾਵੀ ਤਰੀਕੇ ਨਾਲ ਜਾਂਚ ਨਹੀਂ ਹੁੰਦੀ। ਮਿਲਾਵਟ ਦੀ ਇਸ ਖੇਡ ਨੂੰ ਰੋਕਣ ਲਈ ਐੱਨਐੱਮਆਰ ਜਾਂਚ ਨੂੰ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਅਪਨਾਉਣ ਦੀ ਜ਼ਰੂਰਤ ਹੈ।