ਜ਼ਬਰਦਸਤ ਪਾਬੰਦੀਆਂ ਲਗਾ ਰਹੇ ਹਨ। ਹੁਣ ਖ਼ਬਰ ਹਾਂਗਕਾਂਗ ਨੂੰ ਲੈ ਕੇ ਹੈ। ਇੱਥੇ ਚਾਰ ਐੱਮਪੀ ਨੂੰ ਮੁਅੱਤਲ ਕਰਨ ‘ਚ ਜਿਨ੍ਹਾਂ ਚੀਨੀ ਅਧਿਕਾਰੀਆਂ, ਐੱਮਪੀਜ਼ ਤੇ ਕਮਿਊਨਿਸਟ ਪਾਰਟੀ …
ਵਾਸ਼ਿੰਗਟਨ (ਰਾਇਟਰ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਆਖਰੀ ਮਹੀਨੇ ਦੇ ਕਾਰਜਕਾਲ ‘ਚ ਵੀ ਚੀਨ ‘ਤੇ ਜ਼ਬਰਦਸਤ ਪਾਬੰਦੀਆਂ ਲਗਾ ਰਹੇ ਹਨ। ਹੁਣ ਖ਼ਬਰ ਹਾਂਗਕਾਂਗ ਨੂੰ ਲੈ ਕੇ ਹੈ। ਇੱਥੇ ਚਾਰ ਐੱਮਪੀ ਨੂੰ ਮੁਅੱਤਲ ਕਰਨ ‘ਚ ਜਿਨ੍ਹਾਂ ਚੀਨੀ ਅਧਿਕਾਰੀਆਂ, ਐੱਮਪੀਜ਼ ਤੇ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਦੀ ਭੂਮਿਕਾ ਰਹੀ ਹੈ, ਅਮਰੀਕਾ ਉਨ੍ਹਾਂ ‘ਤੇ ਪਾਬੰਦੀ ਲਗਾ ਸਕਦਾ ਹੈ। ਅਜਿਹੇ 14 ਅਧਿਕਾਰੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅਮਰੀਕੀ ਅਧਿਕਾਰੀਆਂ ਸਮੇਤ ਤਿੰਨ ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਬੰਦੀ ਲਗਾਏ ਜਾਣ ਵਾਲਿਆਂ ‘ਚ ਚੀਨੀ ਕਮਿਊਨਿਸਟ ਪਾਰਟੀ ਦੇ ਅਹੁਦੇਦਾਰ ਤੇ ਕੁਝ ਸੰਸਦ ਮੈਂਬਰ ਵੀ ਹਨ। ਇਨ੍ਹਾਂ ‘ਚ ਕੁਝ ਹਾਂਗਕਾਂਗ ਤੇ ਕੁਝ ਚੀਨ ਦੇ ਹਨ।
ਜ਼ਿਕਰਯੋਗ ਹੈ ਕਿ ਹਾਂਗਕਾਂਗ ਦੇ ਚਾਰ ਲੋਕਤੰਤਰ ਹਮਾਇਤੀ ਸੰਸਦ ਮੈਂਬਰਾਂ ਨੂੰ ਚੀਨ ਦੇ ਮਤੇ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ ਜਿਸ ਪਿੱਛੋਂ ਹਾਂਗਕਾਂਗ ‘ਚ ਸਾਰੇ ਵਿਰੋਧੀ ਸੰਸਦ ਮੈਂਬਰਾਂ ਨੇ ਸਮੂਹਿਕ ਅਸਤੀਫ਼ੇ ਸੌਂਪ ਦਿੱਤੇ ਸਨ।
ਮੰਨਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਦੇ ਲਾਗੂ ਹੋਣ ਦੇ ਬਾਅਦ ਚੀਨ ਤੇ ਅਮਰੀਕਾ ਦੇ ਸਬੰਧ ਹੋਰ ਖ਼ਰਾਬ ਹੋਣਗੇ। ਇਸ ਖ਼ਬਰ ਦੇ ਬਾਅਦ ਹਾਂਗਕਾਂਗ ‘ਚ ਚੀਨ ਦੇ ਸ਼ੇਅਰ ਬਾਜ਼ਾਰ ‘ਚ 2.3 ਫ਼ੀਸਦੀ ਦੀ ਗਿਰਾਵਟ ਆ ਗਈ। ਇਹ ਪਿਛਲੇ ਛੇ ਮਹੀਨਿਆਂ ‘ਚ ਸਭ ਤੋਂ ਵੱਡੀ ਗਿਰਾਵਟ ਹੈ। ਅਮਰੀਕਾ ਦੀਆਂ ਪਾਬੰਦੀਆਂ ਆਰਥਿਕ ਤੇ ਬੈਂਕ ਸਬੰਧੀ ਹੋ ਸਕਦੀਆਂ ਹਨ। ਅਮਰੀਕਾ ਪਹਿਲਾਂ ਹੀ ਹਾਂਗਕਾਂਗ ‘ਚ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲੈਮ ਸਮੇਤ ਕੁਝ ਅਧਿਕਾਰੀਆਂ ‘ਤੇ ਅਜਿਹੀ ਪਾਬੰਦੀ ਲਗਾ ਚੁੱਕਾ ਹੈ ਜਿਸ ਕਾਰਨ ਇਨ੍ਹਾਂ ਅਧਿਕਾਰੀਆਂ ਤੋਂ ਬੈਂਕਾਂ ਦੀ ਸਹੂਲਤ ਖੁੱਸ ਗਈ ਹੈ। ਸਾਰਾ ਕੰਮ ਨਕਦੀ ‘ਚ ਹੀ ਕੀਤਾ ਜਾ ਰਿਹਾ ਹੈ।