ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਵਾਲਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਪੈ ਜਾਂਦੀ ਹੈ। ਡੈਂਡਰਫ਼ ਤੇ ਵਾਲ ਝੜਨ ਦੀ ਸਮਿੱਸਿਆ ਤਾਂ ਆਮ ਹੈ। ਡੈਂਡਰਫ਼ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ‘ਸਿੱਕਰੀ’ ਜਾਂ ‘ਕਰ’ ਪੈਣਾ ਵੀ ਆਖਦੇ ਹਨ। ਵਾਲ ਝੜਨ ਕਾਰਨ ਤੁਹਾਡੇ ਚਿਹਰੇ ਦੀ ਰੌਣਕ ਤੇ ਚਮਕ ਖ਼ਤਮ ਹੋਣ ਲੱਗਦੀ ਹੈ। ਤੁਹਾਡਾ ਆਤਮ ਵਿਸ਼ਵਾਸ ਘਟ ਜਾਂਦਾ ਹੈ। ਅੱਜ ਅਸੀਂ ਵਾਲ ਝੜਨ ਦੇ ਕਾਰਨਾਂ ਤੇ ਉਸ ਦੇ ਉਪਾਵਾਂ ਬਾਰੇ ਜਾਣਦੇ ਹਾਂ।
ਫ਼ੀਮੇਲ ਪੈਟਰਨ ਹੇਅਰ ਲੌਸ: ਇਸ ਮਾਮਲੇ ’ਚ ਵਾਲ ਘੱਟ ਜਾਂ ਥੋੜ੍ਹੀ ਵੱਧ ਮਾਤਰਾ ’ਚ ਝੜਦੇ ਹਨ ਪਰ ਹੌਲੀ-ਹੌਲੀ ਵਾਲ ਪਤਲੇ ਹੋਣ ਲੱਗਦੇ ਹਨ।
ਟੈਲੋਜਨ ਐਫ਼ਲੁਵੀਅਮ: ਇਸ ਵਿੱਚ ਵਾਲ ਅਚਾਨਕ ਬਹੁਤ ਜ਼ਿਆਦਾ ਝੜਨ ਲੱਗਦੇ ਹਨ। ਇਸ ਹਾਲਤ ਵਿੱਚ ਰੋਜ਼ਾਨਾ ਸੌ ਵਾਲ ਝੜਦੇ ਹਨ।
ਵਾਲ ਝੜਨ ਜਾਂ ਕਮਜ਼ੋਰ ਹੋਣ ਦਾ ਮੁੱਖ ਕਾਰਨ 1,800 ਕੈਲੋਰੀ ਤੋਂ ਹੇਠਾਂ ਦੀ ਖ਼ੁਰਾਕ ਹੈ। ਇਸ ਤੋਂ ਇਲਾਵਾ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਇਫ਼ਾਇਡ ਜਿਹੀਆਂ ਬੀਮਾਰੀਆਂ ਵੀ ਵਾਲਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਇਸ ਦੇ ਨਾਲ ਹੀ ਆਇਰਨ, ਵਿਟਾਮਿਨ ਬੀ-12, ਵਿਟਾਮਿਨ ਡੀ ਤੇ ਫ਼ੈਰੀਟੀਨ ਦਾ ਘੱਟ ਹੋਣਾ ਵੀ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੈ।
ਪੌਲੀਸਿਸਟਿਕ ਓਵਰੀ ਸਿੰਡ੍ਰੋਮ’ (PCOS) ਤੇ ਐਂਡ੍ਰੋਜਨ (ਮਰਦਾਨਾ ਹਾਰਮੋਨ) ਦੀ ਵਧੇਰੇ ਮਾਤਰਾ ਜਿਹੇ ਹਾਰਮੋਨਜ਼ ਦੀ ਅਸਾਧਾਰਣ ਸਥਿਤੀ ਦਾ ਵੀ ਨਾਂਹ ਪੱਖੀ ਪ੍ਰਭਾਵ ਵਾਲਾਂ ਉੱਤੇ ਪੈਂਦਾ ਹੈ। ਇਸ ਲਈ ਇਨ੍ਹਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਵਾਲਾਂ ਦੇ ਜਿਹੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖਾਣ-ਪੀਣ ਵਿੱਚ ਜ਼ਿੰਕ, ਆਇਰਨ, ਬਾਇਓਟੀਨ, ਅਮੀਨੋ ਐਸਿਡ, ਵਿਟਾਮਿਨ ਏ ਜਿਹੇ ਪੋਸ਼ਕ ਤੱਤਾਂ ਨੂੰ ਜ਼ਰੂਰ ਸ਼ਾਮਲ ਕਰੋ।
ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਰੱਖੋ। ਓਮੇਗਾ 3 ਫ਼ੈਟੀ ਐਸਿਡ ਵਾਲੀਆਂ ਚੀਜ਼ਾਂ, ਸੋਇਆਬੀਨ, ਕੈਨੋਲਾ ਆਇਲ, ਫ਼ਲੈਕਸ ਸੀਡਜ਼ ਤੇ ਚੀਆ ਸੀਡਜ਼ ਜ਼ਰੂਰ ਖਾਓ।