ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਇਕ ਕੌਮਾਂਤਰੀ ਸੰਸਥਾ ਨੇ ਕਿਹਾ ਹੈ ਕਿ ਇਸ ਸਾਲ ਪੂਰੀ ਦੁਨੀਆ ‘ਚ ਰਿਕਾਰਡ ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ। ਪੱਤਰਕਾਰਾਂ ਨੂੰ ਸਜ਼ਾ ਦੇਣ ਦੇ ਮਾਮਲੇ ‘ਚ ਚੀਨ ਸਭ ਤੋਂ ਅੱਗੇ ਹੈ। ਆਪਣੇ ਕੰਮ ਨੂੰ ਲੈ ਕੇ ਇਸ ਸਾਲ ਪੂਰੀ ਦੁਨੀਆ ‘ਚ 274 ਪੱਤਰਕਾਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ। 29 ਪੱਤਰਕਾਰਾਂ ਦੀ ਹੱਤਿਆ ਹੋਈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਪੱਤਰਕਾਰਾਂ ਨੂੰ ਜੇਲ੍ਹ ‘ਚੋਂ ਰਿਹਾਅ ਕਰਨ ਦੀ ਸਰਕਾਰਾਂ ਨੂੰ ਅਪੀਲ ਕੀਤੀ ਹੈ।
ਅੰਤਰਰਾਸ਼ਟਰੀ ਵਾਚਡਾਗ ਸੰਸਥਾ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ (ਸੀਪੀਜੇ) ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ 2020 ਆਪਣੇ ਕੰਮ ਨੂੰ ਅੰਜਾਮ ਦੇਣ ਦੌਰਾਨ ਜੇਲ੍ਹ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ ‘ਚ ਤੇਜ਼ੀ ਆਈ ਹੈ। ਤਿੰਨ ਦਰਜਨ ਅਜਿਹੇ ਪੱਤਰਕਾਰ ਜੇਲ੍ਹ ਭੇਜੇ ਗਏ, ਜਿਨ੍ਹਾਂ ‘ਤੇ ਫੇਕ ਨਿਊਜ਼ ਦਾ ਦੋਸ਼ ਹੈ। 250 ਪੱਤਰਕਾਰ ਅਜਿਹੇ ਸਨ, ਜਿਹੜੇ ਪੰਜ ਸਾਲਾਂ ਤੋਂ ਜ਼ਿਆਦਾ ਜੇਲ੍ਹ ‘ਚ ਬੰਦ ਸਨ। ਚੀਨ ‘ਚ ਪੱਤਰਕਾਰਾਂ ਖਿਲਾਫ਼ ਸਭ ਤੋਂ ਜ਼ਿਆਦਾ ਕਾਰਵਾਈ ਕੀਤੀ ਗਈ ਹੈ। ਉਸ ਤੋਂ ਬਾਅਦ ਤੁਰਕੀ ਤੇ ਮਿਸਰ ਹਨ। ਬੇਲਾਰੂਸ ਤੇ ਇਥੋਪੀਆ ‘ਚ ਨਾਰਾਜ਼ਗੀ ਹੋਣ ਦੌਰਾਨ ਕਈ ਪੱਤਰਕਾਰਾਂ ਦੀ ਗਿ੍ਫ਼ਤਾਰੀ ਹੋਈ।ਪਿਛਲੇ ਸਾਲ 26 ਦੇ ਮੁਕਾਬਲੇ ਇਸ ਵਾਰੀ 29 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ। 2012 ‘ਚ ਸਭ ਤੋਂ ਜ਼ਿਆਦਾ 74 ਪੱਤਰਕਾਰ ਮਾਰੇ ਗਏ ਸਨ। ਅਮਰੀਕਾ ‘ਚ ਇਸ ਸਾਲ ਕਿਸੇ ਵੀ ਪੱਤਰਕਾਰ ਦੀ ਹੱਤਿਆ ਨਹੀਂ ਹੋਈ ਪਰ 110 ਪੱਤਰਕਾਰ ਜੇਲ੍ਹ ਭੇਜੇ ਗਏ। ਸਿਆਹਫਾਮ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਅੰਦੋਲਨ ‘ਚ ਤਿੰਨ ਸੌ ਪੱਤਰਕਾਰ ਜ਼ਖਮੀ ਹੋਏ।
ਚੀਨ ‘ਚ ਇਸ ਸਾਲ 47 ਪੱਤਰਕਾਰ ਜੇਲ੍ਹ ਭੇਜੇ ਗਏ। ਇਨ੍ਹਾਂ ‘ਚ ਤਿੰਨ ਪੱਤਰਕਾਰ ਕੋਰੋਨਾ ਦੀ ਖ਼ਬਰ ਦੇਣ ਕਾਰਨ ਕੈਦ ‘ਚ ਹਨ।