ਆਰਸੇਨਲ ਨੇ ਚੇਲਸੀ ਨੂੰ 3-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਫੁੱਟਬਾਲ ਚੈਂਪੀਅਨਸ਼ਿਪ ਵਿਚ ਲਗਭਗ ਦੋ ਮਹੀਨੇ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਜਦਕਿ ਮਾਨਚੈਸਟਰ ਸਿਟੀ ਵੀ ਆਪਣਾ ਮੈਚ ਜਿੱਤਣ ਵਿਚ ਕਾਮਯਾਬ ਰਹੀ। ਆਰਸੇਨਲ ਨੇ ਅਲੈਕਸਾਂਦਰ ਲਕਾਜੇਟੇ ਦੇ ਪੈਨਲਟੀ ‘ਤੇ ਕੀਤੇ ਗਏ ਗੋਲ ਤੋਂ ਇਲਾਵਾ ਗ੍ਰੈਨਿਟ ਹਾਕ ਤੇ ਬੁਕਾਇਓ ਸਾਕਾ ਦੇ ਗੋਲ ਨਾਲ ਤਿੰਨ ਅੰਕ ਹਾਸਲ ਕੀਤੀ।
ਚੇਲਸੀ ਵੱਲੋਂ ਟੈਮੀ ਅਬ੍ਰਾਹਮ ਨੇ 85ਵੇਂ ਮਿੰਟ ਵਿਚ ਇੱਕੋ-ਇਕ ਗੋਲ ਕੀਤਾ। ਇਸ ਜਿੱਤ ਨਾਲ ਆਰਸੇਨਲ ਦੇ 17 ਅੰਕ ਹੋ ਗਏ ਹਨ ਤੇ ਉਹ 14ਵੇਂ ਸਥਾਨ ‘ਤੇ ਪੁੱਜ ਗਿਆ ਹੈ। ਓਧਰ ਮਾਨਚੈਸਟਰ ਵਿਚ ਮਾਨਚੈਸਟਰ ਸਿਟੀ ਨੇ ਨਿਊਕੈਸਲ ‘ਤੇ 2-0 ਨਾਲ ਸੌਖੀ ਜਿੱਤ ਦਰਜ ਕੀਤੀ। ਉਸ ਵੱਲੋਂ ਇਲਕੇ ਗੁੰਡਗਨ ਤੇ ਫੇਰਾਨ ਟੋਰੇਸ ਨੇ ਗੋਲ ਕੀਤੇ। ਸਿਟੀ ਦੇ ਹੁਣ 14 ਮੈਚਾਂ ਵਿਚ 26 ਅੰਕ ਹਨ ਤੇ ਉਹ ਸਿਖ਼ਰ ‘ਤੇ ਚੱਲ ਰਹੇ ਲਿਵਰਪੂਲ ਤੋਂ ਪੰਜ ਅੰਕ ਪਿੱਛੇ ਹੈ।
ਇਸ ਵਿਚਾਲੇ ਸ਼ੇਫੀਲਡ ਵਿਚ ਏਵਰਟਨ ਨੇ ਆਖ਼ਰੀ ਸਥਾਨ ‘ਤੇ ਚੱਲ ਰਹੇ ਸ਼ੇਫੀਲਡ ਯੂਨਾਈਟਿਡ ਖ਼ਿਲਾਫ਼ ਗਾਇਲਫੀ ਸਿਗਰਡਸਨ ਦੇ ਗੋਲ ਦੀ ਮਦਦ ਨਾਲ 1-0 ਨਾਲ ਜਿੱਤ ਦਰਜ ਕੀਤੀ ਤੇ ਅੰਕ ਸੂਚੀ ਵਿਚ ਦੂਜਾ ਸਥਾਨ ਹਾਸਲ ਕੀਤਾ। ਏਵਰਟਨ ਦੇ 15 ਮੈਚਾਂ ਵਿਚ 29 ਅੰਕ ਹਨ। ਅੰਕ ਸੂਚੀ ਵਿਚ ਏਵਰਟਨ ਤੋਂ ਬਾਅਦ ਲਿਸੈਸਟਰ ਸਿਟੀ (15 ਮੈਚਾਂ ਵਿਚ 28 ਅੰਕ) ਤੇ ਮਾਨਚੈਸਟਰ ਯੂਨਾਈਟਿਡ (14 ਮੈਚਾਂ ਵਿਚ 27 ਅੰਕ) ਦਾ ਨੰਬਰ ਆਉਂਦਾ ਹੈ।