ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਅਰਜਨਟੀਨਾ ਦੌਰੇ ‘ਤੇ ਚੰਗੇ ਪ੍ਰਦਰਸ਼ਨ ਨਾਲ ਟੋਕੀਓ ਓਲੰਪਿਕ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਵਧੇਗਾ। ਭਾਰਤੀ ਮਹਿਲਾ ਟੀਮ ਕੋਰੋਨਾ ਮਹਾਮਾਰੀ ਤੋਂ ਬਾਅਦ ਅਗਲੇ ਹਫ਼ਤੇ ਸ਼ੁਰੂ ਹੋ ਰਹੇ ਅਰਜਨਟੀਨਾ ਦੇ ਦੌਰੇ ਨਾਲ ਓਲੰਪਿਕ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰੇਗੀ। ਰਾਣੀ ਨੇ ਕਿਹਾ ਕਿ ਅਰਜਨਟੀਨਾ ਦੇ ਖ਼ਿਲਾਫ਼ ਆਪਣੀ ਯੋਗਤਾ ਦੇ ਮੁਤਾਬਕ ਖੇਡਣ ‘ਤੇ ਓਲੰਪਿਕ ਤੋਂ ਪਹਿਲਾਂ ਸਾਡਾ ਆਤਮਵਿਸ਼ਵਾਸ ਕਾਫੀ ਵਧੇਗਾ। ਅਸੀਂ ਇਸ ਵਾਰ ਮੈਡਲ ਜਿੱਤਣ ਦਾ ਟੀਚਾ ਲੈ ਕੇ ਹੀ ਜਾ ਰਹੇ ਹਾਂ। ਉਮੀਦ ਹੈ ਕਿ ਅਸੀਂ ਟੋਕੀਓ ਵਿਚ ਇਤਿਹਾਸ ਰਚ ਕੇ ਆਪਣੇ ਦੇਸ਼ ਦਾ ਮਾਣ ਵਧਾ ਸਕਾਂਗੇ। ਅਸੀਂ ਇਸ ਸਾਲ ਹਰ ਮੈਚ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਾਂਗੇ। ਭਾਰਤ ਨੇ 17 ਤੋਂ 31 ਜਨਵਰੀ ਵਿਚਾਲੇ ਅਰਜਨਟੀਨਾ ਖ਼ਿਲਾਫ਼ ਅੱਠ ਮੈਚ ਖੇਡਣੇ ਹਨ। ਰਾਣੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵਾਪਸੀ ਨਾਲ ਅਸੀਂ ਕਾਫੀ ਖ਼ੁਸ਼ ਹਾਂ। 2020 ਕਾਫੀ ਅੌਖਾ ਸਾਲ ਸੀ ਪਰ ਅਸੀਂ ਰਾਸ਼ਟਰੀ ਕੈਂਪ ਵਿਚ ਅਭਿਆਸ ਜਾਰੀ ਰੱਖਿਆ। ਸਾਰੇ ਖਿਡਾਰੀ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ ਤੇ ਇਹ ਦੇਖਣਾ ਰੋਮਾਂਚਕ ਹੋਵੇਗਾ ਕਿ ਮੈਚ ਦੇ ਹਾਲਾਤ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ।
ਹਾਕੀ ਇੰਡੀਆ ਮਰਦ ਟੀਮ ਦੇ ਦੌਰੇ ਲਈ ਵੱਖ-ਵੱਖ ਦੇਸ਼ਾਂ ਨਾਲ ਸੰਪਰਕ ਵਿਚ ਹੈ। ਭਾਰਤੀ ਮਰਦ ਟੀਮ ਨੇ ਆਖ਼ਰੀ ਅੰਤਰਰਾਸ਼ਟਰੀ ਮੈਚ ਪਿਛਲੇ ਸਾਲ 22 ਫਰਵਰੀ ਨੂੰ ਆਸਟ੍ਰੇਲੀਆ ਖ਼ਿਲਾਫ਼ ਖੇਡਿਆ ਸੀ। ਮਰਦ ਟੀਮ ਦੇ ਕਪਤਾਨ ਮਨਪ੍ਰਰੀਤ ਸਿੰਘ ਨੇ ਕਿਹਾ ਕਿ ਟੋਕੀਓ ਓਲੰਪਿਕ ਤੋਂ ਪਹਿਲਾਂ ਟੀਮ ਲਈ ਅਭਿਆਸ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸਰਕਟ ‘ਤੇ ਵਾਪਸੀ ਦੀ ਉਡੀਕ ਕਰ ਰਹੇ ਜਿਸ ਨਾਲ ਸਾਡੀ ਤਿਆਰੀ ਮਜ਼ਬੂਤ ਹੋਵੇਗੀ। ਇਹ ਸਾਲ ਕਾਫੀ ਖ਼ਾਸ ਹੈ ਤੇ ਅਸੀਂ ਪਿਛਲੇ ਕੁਝ ਮਹੀਨੇ ਵਿਚ ਬਹੁਤ ਮਹਿਨਤ ਕਰ ਕੇ ਲੈਅ ਕਾਇਮ ਰੱਖੀ ਹੈ। ਅਸੀਂ ਆਪਣੀ ਯੋਗਤਾ ਮੁਤਾਬਕ ਖੇਡ ਸਕੇ ਤਾਂ ਓਲੰਪਿਕ ਵਿਚ ਮੈਡਲ ਜਿੱਤ ਸਕਦੇ ਹਾਂ। ਅਸੀਂ ਉਸੇ ਸੋਚ ਨਾਲ ਜਾਵਾਂਗੇ।