ਭਾਰਤ ’ਚ ਹਾਲ ਹੀ ’ਚ ਕੋਰੋਨਾ ਵੈਕਸੀਨ ਕੋਵੀਸ਼ੀਲਡ ਤੇ ਕੋਵੈਕਸਿਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਦੁਨੀਆ ਦੇ ਹੋਰ ਕਈ ਦੇਸ਼ਾਂ ’ਚ ਫਾਈਜਰ ਕੰਪਨੀ ਦੀ ਵੈਕਸੀਨ ਵਰਤੋਂ ’ਚ ਲਿਆਂਦੀ ਜਾ ਰਹੀ ਹੈ। ਅਮਰੀਕਾ, ਇਜ਼ਰਾਇਲ, ਮੈਕਸੀਕੋ ਸਣੇ ਕਈ ਦੇਸ਼ਾਂ ’ਚ Pfizer-BioNTech ਕੰਪਨੀ ਦੀ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ ਤੇ ਇਸ ਦੇ ਕੁਝ ਸਾਈਡ ਇਫੈਕਟ ਵੀ ਹੁਣ ਸਾਹਮਣੇ ਆਉਣ ਲੱਗੇ ਹਨ। ਤਾਜ਼ਾ ਮਾਮਲਾ ਮੈਕਸੀਕੋ ਦਾ ਹੈ ਜਿੱਥੇ Pfizer-BioNTech ਦੀ ਵੈਕਸੀਨ ਲਾਉਂਦੇ ਹੀ ਇਕ ਮਹਿਲਾ ਡਾਕਟਰ ਨੂੰ ਦੌਰੇ ਪੈਣ ਲੱਗ ਪਏ। ਹਾਲਾਂਕਿ ਹੁਣ ਇਹ ਜਾਣਕਾਰੀ ਨਹੀਂ ਸਾਹਮਣੇ ਆਈ ਹੈ ਕਿ ਮਹਿਲਾ ਡਾਕਟਰ ਨੂੰ ਦੌਰੇ ਵੈਕਸੀਨ ਲੱਗਣ ਕਾਰਨ ਆਇਆ ਸੀ ਜਾਂ ਕਿਸੇ ਹੋਰ ਕਾਰਨ ਕਰਕੇ। ਮੈਕਸੀਕੋ ਦੇ ਸਿਹਤ ਅਧਿਕਾਰੀ ਇਸ ਤਰ੍ਹਾਂ ਦੇ ਸਾਈਡ ਇਫੈਕਟ ਆਉਣ ਤੋਂ ਬਾਅਦ ਅਲਰਟ ਹੋ ਗਏ ਹਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Pfizer-BioNTech ਦੀ ਵੈਕਸੀਨ ਜਿਸ ਮਹਿਲਾ ਡਾਕਟਰ ਨੂੰ ਲਾਈ ਗਈ ਸੀ ਉਸ ਨੂੰ ਫਿਲਹਾਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਤੇ ਲਗਾਤਾਰ ਨਿਗਰਾਨੀ ’ਚ ਰੱਖਿਆ ਗਿਆ ਹੈ। ਮੈਕਸੀਕੋ ਦੇ ਸਿਹਤ ਅਧਿਕਾਰੀਆਂ ਨੇ ਫਿਲਹਾਲ ਮਹਿਲਾ ਡਾਕਟਰ ਦਾ ਨਾਂ ਉਜਾਗਰ ਨਹੀਂ ਕੀਤਾ ਹੈ। ਮਹਿਲਾ ਡਾਕਟਰ ਨੂੰ ਉੱਤਰੀ ਸੂਬਿਆਂ ਨੂਏਵੋ ਲਿਓਨ ਦੇ ਇਕ ਸਰਕਾਰੀ ਹਸਪਤਾਲ ਦੇ ਆਈਸੀਯੂ ’ਚ ਭਰਤੀ ਕਰਵਾਇਆ ਗਿਆ ਸੀ। ਮਹਿਲਾ ਨੂੰ ਸਾਹ ਲੈਣ ’ਚ ਦਿਕਤ ਹੋ ਰਹੀ ਸੀ ਤੇ ਇਸ ਨਾਲ ਹੀ ਉਸ ਨੂੰ ਦੌਰੇ ਵੀ ਪੈ ਰਹੇ ਸੀ। ਨਾਲ ਹੀ ਮਹਿਲਾ ਦੀ ਚਮੜੀ ’ਤੇ ਖੁਜਲੀ ਤੇ ਹੋਰ ਸਮੱਸਿਆ ਦਿਸਣ ਲੱਗੀਆਂ ਸੀ।
ਮਹਿਲਾਂ ਨੂੰ ਹੋਇਆ ਸੀ ਐਨਸੇਫੈਲੋਮੇਲਾਈਟਿਸ
ਮੈਕਸੀਕੋ ’ਚ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਡਾਕਟਰ ਦੇ ਸ਼ੁਰੂਆਤੀ ਡਾਇਗਨੋਸਿਸ ਐਨਸੇਫੈਲੋਮੇਲਾਈਟਿਸ ਦੱਸਿਆ ਹੈ ਜਿਸ ’ਚ ਦਿਮਾਗ਼ ਤੇ ਰੀੜ੍ਹ ਦੀ ਹੱਡੀ ’ਚ ਸੂਜਨ ਆ ਜਾਂਦੀ ਹੈ। ਅਧਿਕਾਰੀਆਂ ਮੁਤਾਬਕ ਜਿਸ ਮਹਿਲਾ ਡਾਕਟਰ ’ਤੇ ਕੋਰੋਨਾ ਵੈਕਸੀਨ ਦੇ ਬੁਰੇ ਨਤੀਜੇ ਦਿਖੇ ਉਸ ਦਾ ਅਲਜਿਰਕ ਰਿਐਕਸ਼ਨ ਦਾ ਇਤਿਹਾਸ ਰਿਹਾ ਹੈ। ਨਾਲ ਹੀ ਕਲੀਨਿਕਲ ਟਰਾਇਲਜ਼ ’ਚ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਵੈਕਸੀਨ ਲੱਗਣ ਤੋਂ ਬਾਅਦ ਕਿਸੇ ਵੀ ਵਿਅਕਤੀ ’ਚ ਦਿਮਾਗ਼ ਦੀ ਸੂਜਨ ਦੇਖੀ ਗਈ ਹੈ।
ਉਧਰ Pfizer ਤੇ BioNTech ਨੇ ਵੀ ਇਸ ਮਾਮਲੇ ’ਚ ਕੋਈ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਮੈਕਸੀਕੋ ’ਚ ਕੋਵਿਡ-19 ਤੋਂ 126,500 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਦੇਸ਼ ’ਚ 24 ਦਸੰਬਰ ਤੋਂ ਸਿਹਤ ਕਰਮੀਆਂ ਨੂੰ ਕੋਵਿਡ-19 ਦੇ ਵੈਕਸੀਨ ਲੱਗਣ ਦਾ ਪਹਿਲਾਂ ਦੌਰ ਸ਼ੁਰੂ ਹੋਇਆ ਸੀ। ਮੈਕਸੀਕੋ ’ਚ ਸਾਰੇ ਸਿਹਤਕਰਮੀਆਂ ਨੂੰ ਫਾਈਜਰ ਕੰਪਨੀ ਦੀ ਹੀ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ।