ਮੰਗਲਵਾਰ ਨੂੰ ਦੁਨੀਆ ਭਰ ‘ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 10 ਕਰੋੜ ਦੇ ਅੰਕੜੇ ਦੇ ਪਾਰ ਹੋ ਗਈ। ਹੁਣ ਤਕ ਸਾਢੇ 21 ਲੱਖ ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਸਥਿਤ ਸੈਂਟਰਸ ਫਾਰ ਸਿਸਟਮਸ ਸਾਇੰਸ ਐਂਡ ਇੰਜੀਨੀਅਰਿੰਗ (ਸੀਐੱਸਐੱਸਈ) ਮੁਤਾਬਕ ਬਿਮਾਰੀ ਨਾਲ ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ ਹੈ।
ਜਿੱਥੇ ਚਾਰ ਲੱਖ 23 ਹਜ਼ਾਰ ਤੋਂ ਵੱਧ ਲੋਕ ਹੁਣ ਤਕ ਜਾਨ ਗੁਆ ਚੁੱਕੇ ਹਨ ਉੱਥੇ ਹੀ ਢਾਈ ਕਰੋੜ ਤੋਂ ਵੱਧ ਲੋਕ ਇਨਫੈਕਟਿਡ ਹਨ। ਮਹਾਮਾਰੀ ਦੇ ਵਧਣ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਠ ਨਵੰਬਰ ਨੂੰ ਮਰੀਜ਼ਾਂ ਦੀ ਗਿਣਤੀ ਪੰਜ ਕਰੋੜ ਸੀ ਤੇ ਸਿਰਫ਼ ਢਾਈ ਮਹੀਨਿਆਂ ਦੌਰਾਨ ਹੀ ਇਹ ਗਿਣਤੀ ਦੁੱਗਣੀ ਹੋ ਗਈ। ਰੂਸ, ਬਰਤਾਨੀਆ, ਫਰਾਂਸ, ਸਪੇਨ, ਇਟਲੀ, ਤੁਰਕੀ, ਜਮਰਨੀ ਤੇ ਕੋਲੰਬੀਆ ਅਜਿਹੇ ਦੇਸ਼ ਹਨ ਜਿੱਥੇ 20 ਲੱਖ ਤੋਂ ਵੱਧ ਲੋਕ ਇਨਫੈਕਟਿਡ ਹਨ।
20 ਕਰੋੜ ਵਾਧੂ ਟੀਕੇ ਖਰੀਦੇਗਾ ਬਾਇਡਨ ਪ੍ਰਸ਼ਾਸਨ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ 20 ਕਰੋੜ ਵਾਧੂ ਟੀਕਿਆਂ ਦੀ ਖ਼ਰੀਦ ਦਾ ਮੰਗਲਵਾਰ ਨੂੰ ਐਲਾਨ ਕੀਤਾ। ਦੇਸ਼ ‘ਚ ਇਨਫੈਕਸ਼ਨ ਦੇ ਮਾਮਲੇ ਦੋ ਕਰੋੜ 50 ਲੱਖ ਦੇ ਕਰੀਬ ਪਹੁੰਚ ਰਹੇ ਹਨ। ਮੌਜੂਦਾ ਸਮੇਂ ‘ਚ ਟੀਕਾ ਸਪਲਾਈ ਤੇ ਉਤਪਾਦਨ ਦੀਆਂ ਯੋਜਨਾਵਾਂ ਦੀ ਸਮੀਖਿਆ ਤੋਂ ਬਾਅਦ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸਾਸਨ ਸੂਬਿਆਂ ਤੇ ਹੋਰ ਖੇਤਰਾਂ ਲਈ ਹਫ਼ਤਾਵਾਰੀ ਟੀਕਾ ਸਪਲਾਈ 86 ਲੱਖ ਤੋਂ ਵਧਾ ਕੇ ਘੱਟੋ ਘੱਟ ਇਕ ਕਰੋੜ ਕਰੇਗਾ। ਓਧਰ ਉਪਰ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮੰਗਲਵਾਰ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ ‘ਚ ਕੋਰੋਨਾ ਦੀ ਦੂਜੀ ਡੋਜ਼ ਦਿੱਤੀ ਗਈ। ਉਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ 29 ਦਸੰਬਰ 2020 ਨੂੰ ਵਾਸ਼ਿੰਗਟਨ ਡੀਸੀ ਦੇ ਯੂਨਾਈਟਡ ਮੈਡੀਕਲ ਸੈਂਟਰ ‘ਚ ਦਿੱਤੀ ਗਈ ਸੀ।
ਇੱਥੇ ਰਿਹਾ ਇਹ ਹਾਲ
ਚੀਨ ਦੇ ਸਾਈਨੋਫਾਰਮ ਗਰੁੱਪ ਕੰਪਨੀ ਲਿਮਟਡ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ ਦੇ ਟ੍ਰਾਇਲ ਦੌਰਾਨ ਪੇਰੂ ਦੇ ਇਕ ਵਲੰਟੀਅਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
-ਮਿਆਂਮਾਰ ‘ਚ ਟੀਕਾਕਰਨ ਦੀ ਸ਼ੁਰੂਆਤ ਹੋ ਗਈ ਹੈ।
-29 ਅਕਤੂਬਰ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਰੂਸ ‘ਚ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 18 ਹਜ਼ਾਰ ਤੋਂ ਹੇਠਾਂ ਰਹੀ।
-ਪਿਛਲੇ 24 ਘੰਟਿਆਂ ਦੌਰਾਨ ਦੱਖਣੀ ਕੋਰੀਆ ‘ਚ 559 ਨਵੇਂ ਮਰੀਜ਼ ਸਾਹਮਣੇ ਆਏ ਹਨ। ਪਿਛਲੇ 10 ਦਿਨਾਂ ‘ਚ ਮਰੀਜ਼ਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।
ਫਰਾਂਸ ‘ਚ ਇਕ ਦਿਨ ‘ਚ 612 ਲੋਕਾਂ ਦੀ ਮੌਤ ਹੋਈ ਹੈ ਤੇ 22,806 ਇਨਫੈਕਟਿਡ ਹੋਏ ਹਨ।