ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਮੁਹੰਮਦਾਬਾਦ ਵਿਚ ਪਾਈ ਜਾਣ ਵਾਲੀ ਕਰਈਲ ਮਿੱਟੀ ‘ਚ ਅਲਸੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਦਿਨ ਹੁਣ ਬਦਲਣ ਵਾਲੇ ਹਨ। ਇੱਥੇ ਪੈਦਾ ਹੋਣ ਵਾਲੀ ਅਲਸੀ ਨਾਲ ਇੱਥੇ ਹੀ ਓਮੇਗਾ ਕੈਪਸੂਲ ਬਣਾਇਆ ਜਾਵੇਗਾ।
ਇਸ ਦਾ ਜ਼ਿੰਮਾ ਲਿਆ ਹੈ ਗਾਜ਼ੀਪੁਰ ਦੇ ਵਿਕਾਸਸ਼ੀਲ ਕਿਸਾਨ ਡਾ. ਰਾਮਕੁਮਾਰ ਰਾਏ ਦੇ ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਸ਼ਿਵਾਂਸ਼ ਨੇ। 627 ਮੈਂਬਰੀ ਸੰਗਠਨ ਤਹਿਤ ਪਿੰਡ ਵਿਚ ਹੀ ਸ਼ਿਵਾਸ਼ਰੇਯ ਐਗਰੋ ਲਿਮਟਿਡ ਨਾਂ ਦੀ ਕੰਪਨੀ ਸਥਾਪਤ ਕੀਤੀ ਜਾ ਰਹੀ ਹੈ ਜਿਸ ਵਿਚ ਓਮੇਗਾ ਕੈਪਸੂਲ ਬਣਾਇਆ ਜਾਵੇਗਾ।
ਇਸ ਲਈ ਆਈਆਈਟੀ ਬੀਐੱਚਯੂ ਆਪਣੀ ਲੈਬ ਉਪਲੱਬਧ ਕਰਵਾਏਗਾ। ਆਈਆਈਟੀ ਨਾਲ ਸਮਝੌਤੇ ‘ਤੇ ਦਸਤਖ਼ਤ ਵੀ ਕੀਤੇ ਜਾ ਚੁੱਕੇ ਹਨ। ਪ੍ਰਰਾਜੈਕਟ ‘ਤੇ 25 ਲੱਖ ਰੁਪਏ ਦੀ ਲਾਗਤ ਆਵੇਗੀ। ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ‘ਰਫ਼ਤਾਰ’ ਤਹਿਤ ਇਹ ਖ਼ਰਚ ਕੇਂਦਰ ਸਰਕਾਰ ਚੁੱਕ ਰਹੀ ਹੈ।
ਆਨਲਾਈਨ ਹੋਵੇਗੀ ਟ੍ਰੇਡਿੰਗ :
ਡਾ. ਰਾਮਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਕੈਪਸੂਲ ਬਾਜ਼ਾਰ ਵਿਚ ਮੌਜੂਦ ਹੋਰ ਓਮੇਗਾ ਕੈਪਸੂਲ ਦੇ ਮੁਕਾਬਲੇ ਅੱਧੇ ਭਾਅ ‘ਤੇ ਮਿਲੇਗਾ। ਸ਼ੁਰੂਆਤ ਵਿਚ ਪ੍ਰਤੀ ਕੈਪਸੂਲ ਕਰੀਬ ਚਾਰ ਰੁਪਏ ਲਾਗਤ ਆਵੇਗੀ। 100 ਕੈਪਸੂਲਾਂ ਦੀ ਪੈਕੇਜਿੰਗ ‘ਤੇ 100 ਰੁਪਏ ਵਾਧੂ ਲੱਗਣਗੇ। ਵੱਡੇ ਪੈਮਾਨੇ ‘ਤੇ ਉਤਪਾਦਨ ਹੋਵੇਗਾ ਤਾਂ ਲਾਗਤ ਘੱਟ ਕੇ ਦੋ ਤੋਂ ਢਾਈ ਰੁਪਏ ਹੋਵੇਗੀ। ਆਨਲਾਈਨ ਟ੍ਰੇਡਿੰਗ ਜ਼ਰੀਏ ਸਿੱਧੇ ਖਪਤਕਾਰਾਂ ਤਕ ਪਹੁੰਚਣ ਦੀ ਯੋਜਨਾ ਹੈ।
ਅਲਸੀ ਦੀ ਵਰਤੋਂ ਦੇ ਫ਼ਾਇਦੇ :
ਇਲਾਹਾਬਾਦ ਯੂਨੀਵਰਸਿਟੀ ਤੋਂ ਵੈਦਿਕ ਮਾਈਥੋਲੋਜੀ ਵਿਚ ਪੀਐੱਚਡੀ ਕਰਨ ਵਾਲੇ ਡਾ. ਰਾਮਕੁਮਾਰ ਨੇ ਦੱਸਿਆ ਕਿ ਕਰਈਲ ਦੀ ਅਲਸੀ ਵਿਚ ਰਸਾਇਣਕ ਖਾਦ ਦੀ ਵਰਤੋਂ ਨਹੀਂ ਹੁੰਦੀ। ਇਸ ਵਿਚ ਓਮੇਗਾ ਫੈਟੀ ਐਸਿਡ ਜ਼ਿਆਦਾ ਪਾਇਆ ਜਾਂਦਾ ਹੈ। ਓਮੇਗਾ ਫੈਟੀ ਐਸਿਡ ਦੇ ਕਈ ਲਾਭ ਹਨ। ਇਹ ਬੈਡ ਕੋਲੋਸਟ੍ਰਾਲ ਨੂੰ ਘਟਾਉਂਦੀ ਹੈ ਅਤੇ ਗੁੱਡ ਕੋਲੋਸਟ੍ਰਾਲ ਨੂੰ ਵਧਾਉਂਦੀ ਹੈ। ਧਮਨੀਆਂ ਵਿਚ ਰੁਕਾਵਟ ਪੈਦਾ ਨਹੀਂ ਹੋਣ ਦਿੰਦੀ ਤਾਂ ਹਾਰਟ ਅਟੈਕ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਹੱਡੀ ਦੇ ਜੋੜਾਂ ਲਈ ਕੁਦਰਤੀ ਲਿਊਬ੍ਰੀਕੈਂਟ ਦਾ ਕੰਮ ਕਰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਗੋਡੇ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਇਹ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ।
ਕਿਸਾਨਾਂ ਨੂੰ ਮਿਲੇਗਾ ਫ਼ਾਇਦਾ :
ਇਸ ਖੇਤਰ ਵਿਚ ਕਦੇ ਅਲਸੀ ਦਾ ਉਤਪਾਦਨ ਵੱਡੇ ਪੈਮਾਨੇ ‘ਤੇ ਹੁੰਦਾ ਸੀ, ਪਰ ਘੱਟ ਲਾਭ ਕਾਰਨ ਕਿਸਾਨਾਂ ਨੇ ਇਸ ਦੀ ਖੇਤੀ ਘੱਟ ਕਰ ਦਿੱਤੀ। ਓਮੇਗਾ ਕੈਪਸੂਲ ਬਣਾਉਣ ਦੀ ਯੋਜਨਾ ਸਫਲ ਹੁੰਦੀ ਹੈ ਤਾਂ ਕੱਚੇ ਮਾਲ ਦੇ ਰੂਪ ਵਿਚ ਕਿਸਾਨਾਂ ਤੋਂ ਦੁੱਗਣੇ ਮੁੱਲ ‘ਤੇ ਅਲਸੀ ਖ਼ਰੀਦਣਗੇ। ਇਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਵੀ ਸੁਧਾਰ ਆਵੇਗਾ।