ਸਾਰੇ ਜਾਣਦੇ ਹਨ ਕਿ ਸਫਲਤਾ ਲਈ ਕੋਈ ਸ਼ਾਰਟਕੱਟ ਨਹੀਂ। ਹਰ ਇਨਸਾਨ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ, ਜਿਸ ਲਈ ਉਹ ਸੁਪਨੇ ਦੇਖਦਾ ਹੈ। ਕਿਸੇ ਦੇ ਸੁਪਨੇ ਛੋਟੇ ਹੁੰਦੇ ਹਨ ਤੇ ਕਿਸੇ ਦੇ ਵੱਡੇ। ਹਰ ਕੋਈ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਵੀ ਕਰਦਾ ਹੈ। ਮਿਹਨਤ ਹੈ ਤਾਂ ਸਫਲਤਾ ਹੈ, ਨਹੀਂ ਤਾਂ ਬਗ਼ੈਰ ਮਿਹਨਤ ਸਭ ਬੇਕਾਰ ਹੈ। ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ।
ਅਸੀਂ ਸਫਲਤਾ ਹਾਸਿਲ ਕਰਨ ਲਈ ਮੁੜ-ਮੁੜ ਯਤਨ ਕਰਦੇ ਹਾਂ, ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਹਾਂ, ਡਿੱਗ-ਡਿੱਗ ਕੇ ਹੁਸ਼ਿਆਰ ਹੁੰਦੇ ਹਾਂ ਪਰ ਫਿਰ ਵੀ ਜੇ ਲਗਾਤਾਰ ਅਸਫਲਤਾ ਮਿਲੇ ਤਾਂ ਅਕਸਰ ਮਾਯੂਸ ਹੋ ਜਾਂਦੇ ਹਾਂ। ਵਾਰ-ਵਾਰ ਮਿਲੀ ਹਾਰ ਤੋਂ ਅਸੀਂ ਅੱਕ ਜਾਂਦੇ ਹਾਂ ਤੇ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਪਤਾ ਨਹੀਂ ਸਡੀ ਕਿਸਮਤ ਕਿਉਂ ਮਾੜੀ ਹੈ। ਜਦੋਂ ਇਸ ਹਾਲਾਤ ’ਚ ਸਾਡਾ ਸੁਪਨਿਆਂ ਅਤੇ ਟੀਚਿਆਂ ਤੋਂ ਭਟਕਣਾ ਸੁਭਾਵਿਕ ਹੋ ਜਾਂਦਾ ਹੈ ਤਾਂ ਵੱਡਿਆਂ ਵੱਲੋਂ ਸਬਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਵਾਰੀ ਅਸੀਂ ਨਾਕਾਮਯਾਬੀ ਨਾਲ ਰਾਹ ’ਚ ਰੁਕ ਜਾਦੇ ਹਾਂ ਜਾਂ ਫਿਰ ਥੱਕ ਜਾਂਦੇ ਹਾਂ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਵਾਰ-ਵਾਰ ਕੀਤੀਆਂ ਕੋਸਿਸ਼ਾਂ ਹੀ ਸਾਨੂੰ ਕਾਮਯਾਬ ਇਨਸਾਨ ਬਣਾਉਂਦੀਆਂ ਹਨ।
ਹਾਰ ਪ੍ਰਤੀ ਸਕਾਰਾਤਮਕ ਰਵੱਈਆ
ਸਬਰ ਹਾਰ ਪ੍ਰਤੀ ਉਹ ਸਕਾਰਾਤਮਕ ਰਵੱਈਆ ਹੈ, ਜੋ ਬਿਖਰੀਆਂ ਹੋਈਆਂ ਰੀਝਾਂ ਸਮੇਟਣ ਤੇ ਟੁੱਟੇ ਹੋਏ ਸੁਪਨਿਆਂ ਨੂੰ ਜੋੜਨ ’ਚ ਇਕ ਕੜੀ ਵਾਂਗ ਕੰਮ ਕਰਦਾ ਹੈ। ਸਬਰ ਰੱਖਣਾ ਕੋਈ ਕੰਮ ਨਹੀਂ ਸਗੋਂ ਇਹ ਉਹ ਗੁਣ ਹੈ ਜੋ ਭਾਵਨਾਤਮਕ ਤੌਰ ’ਤੇ ਮਜ਼ਬੂਤ ਸ਼ਖ਼ਸੀਅਤ ਬਣਾਉਣ ਦੀ ਕਾਰਗੁਜ਼ਾਰੀ ਸਮਝਾਉਂਦਾ ਹੈ। ਇਹ ਉਹ ਇੰਤਜ਼ਾਰ ਹੈ, ਜੋ ਅਸ਼ਾਂਤ ਮਨ ਦੀ ਜੱਦੋ-ਜਹਿਦ ਨੂੰ ਸ਼ਾਂਤ ਕਰਦਾ ਹੈ। ਇਹ ਕਿੰਤੂ-ਪਰੰਤੂ ’ਤੇ ਵਿਰਾਮ ਲਗਾਉਂਦਾ ਹੈ। ਹਰ ਇਕ ਦੀ ਮਨੋਬਿਰਤੀ ਇਹੀ ਰਹਿੰਦੀ ਹੈ ਕਿ ਸੁਪਨੇ ਪਲਕ ਝਪਕਦਿਆਂ ਪੂਰੇ ਹੋ ਜਾਵਣ, ਚੀਜ਼ਾਂ ਨੂੰ ਤੁਰੰਤ ਕਿਸੇ ਤਾਕਤ ਨਾਲ ਹਾਸਿਲ ਕਰ ਲਿਆ ਜਾਵੇ ਪਰ ਅਕਸਰ ਜਲਦਬਾਜ਼ੀ ’ਚ ਅਸੀਂ ਨਿਰਾਸ਼ ਹੋ ਜਾਂਦੇ ਹਾਂ।
ਆਸ਼ਾਵਾਦੀ ਬਣਾਉਂਦਾ ਹੈ ਸਬਰ
ਸਬਰ ਸਾਨੂੰ ਆਸ਼ਾਵਾਦੀ ਬਣਾਉਂਦਾ ਹੈ। ਇਹ ਗੁਣ ਅਸੀਂ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ ’ਤੇ ਹਾਸਲ ਨਹੀਂ ਕਰ ਸਕਦੇ। ਇਹ ਗੁਣ ਕੋਈ ਜਮਾਂਦਰੂ ਨਹੀਂ ਲੈ ਕੇ ਆਉਂਦਾ। ਇਹ ਜ਼ਿੰਦਗੀ ਦੇ ਉਤਰਾਅ-ਚੜਾਅ, ਜਿੱਤ-ਹਾਰ, ਛੋਟਿਆਂ-ਵੱਡਿਆ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਕੁਦਰਤੀ ਤੌਰ ’ਤੇ ਸਾਡੇ ਵੱਲੋਂ ਘੋਖ ਲਿਆ ਜਾਂਦਾ ਹੈ।
ਸਬਰ ਦੀ ਤਾਕਤ ਹੀ ਸੋਚ ’ਚ ਨਿਖਾਰ ਲਿਆਉਂਦੀ ਹੈ। ਗੁੱਸੇ ਦਾ ਪੱਲੜਾ ਕਈ ਕਾਰਨਾਂ ਕਰਕੇ ਭਾਰੀ ਹੋ ਸਕਦਾ ਹੈ। ਉਮੀਦ ਨੂੰ ਕਿਸੇ ਵੱਲੋਂ ਪਹੁੰਚਾਈ ਠੇਸ ਸਾਨੂੰ ਅਸ਼ਾਂਤ ਬਣਾ ਸਕਦੀ ਹੈ। ਸਬਰ ਨਾਲ ਉਨ੍ਹਾਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ, ਜਿਨ੍ਹਾਂ ਦਾ ਸਾਨੂੰ ਡਰ ਹੈ। ਸਾਨੂੰ ਪਤਾ ਹੈ ਕਿ ਬੇਚੈਨੀ ਦਾ ਇਕ ਵੀ ਪਲ਼ ਸਾਡੀ ਸਾਰੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ। ਇਹ ਰਿਸ਼ਤਿਆਂ ’ਚ ਕੜਵਾਹਟ ਵੀ ਪੈਦਾ ਕਰਦਾ ਹੈ ਪਰ ਸਬਰ ਦਾ ਇਕ ਪਲ਼ ਸਾਡੀ ਬਹੁਤ ਵੱਡੀ ਬਿਪਤਾ ਦੂਰ ਕਰ ਸਕਦਾ ਹੈ। ਇਹ ਉਹ ਮਾਨਸਿਕ ਬਲ ਹੈ ਜੋ ਬੇਫ਼ਜ਼ੂਲ ਦੀਆਂ ਫ਼ਿਕਰਾਂ ਦੇ ਦਾਇਰੇ ਨੂੰ ਕੰਟਰੋਲ ਕਰਦਾ ਹੈ ਕਿਉਂਕਿ ਜ਼ਿੰਦਗੀ ਭਵਿੱਖ ਜਾਂ ਅਤੀਤ ਦੇ ਜਿਊਣ ਬਾਰੇ ਨਹੀਂ ਸਗੋਂ ਮੌਜੂਦਾ ਹਾਲਾਤਾਂ ਨੂੰ ਸਵੀਕਾਰਨਾ ਹੈ।
ਹਾਰ ਦਾ ਅਰਥ ਝੁਕਣਾ ਨਹੀਂ
ਹਾਰ ਦਾ ਅਰਥ ਰੁਕਣਾ-ਝੁਕਣਾ ਨਹੀਂ ਹੁੰਦਾ ਤੇ ਨਾ ਹੀ ਹਾਰ ਦੇ ਕਾਰਨਾਂ ਨੂੰ ਕਿਸੇ ਹੋਰ ’ਤੇ ਥੋਪਣਾ ਹੰੁਦਾ ਹੈ ਸਗੋਂ ਇਸ ਤੋਂ ਸਬਕ ਲਿਆ ਜਾਣਾ ਚਾਹੀਦਾ ਹੈ। ਇਸ ਨੂੰ ਸਕਾਰਾਤਮਕ ਨਜ਼ਰੀਏ ਨਾਲ ਲੈਣਾ ਚਾਹੀਦਾ ਹੈ। ਖ਼ੁਦ ਵਿੱਚੋਂ ਹੀ ਸਵਾਲਾਂ ਦੇ ਜਵਾਬ ਲੱਭਣੇ ਚਾਹੀਦੇ ਹਨ। ਅਸੀਂ ਇੰਨੇ ਵੀ ਨਾਕਾਬਿਲ ਨਹੀਂ ਹੋ ਸਕਦੇ ਕਿ ਸਮੱਸਿਆ ਦੀ ਜੜ੍ਹ ਨੂੰ ਡੂੰਘਾਈ ਤਕ ਨਾ ਫਰੋਲ ਸਕੀਏ। ਸਾਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਆਪਣੇ ਟੀਚੇ ਤਕ ਪਹੰੁਚਣ ਲਈ ਕਦਮ-ਬ-ਕਦਮ ਲਗਾਤਾਰ ਚੱਲਦੇ ਰਹਿਣਾ ਚਾਹੀਦਾ ਹੈ।