21.65 F
New York, US
December 23, 2024
PreetNama
ਖੇਡ-ਜਗਤ/Sports News

ਸੰਸਾਰ ਭਰ ’ਚ ਚਮਕਿਆ ਸੰਸਾਰਪੁਰ ਦਾ ਹੀਰਾ ਬਲਬੀਰ ਸਿੰਘ ਜੂਨੀਅਰ

ਪਹਿਲੀਆਂ ਟੋਕੀਓ-1958 ਏਸ਼ਿਆਈ ਖੇਡਾਂ ’ਚ ਬਲਬੀਰ ਸਿੰਘ ਸੀਨੀਅਰ ਦੀ ਕਪਤਾਨੀ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ’ਚ ਸਟਰਾਈਕਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲਾ ਸਟਾਰ ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ 11 ਅਪ੍ਰੈਲ ਨੂੰ ਚੰਡੀਗੜ੍ਹ ’ਚ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਹ 88 ਸਾਲਾਂ ਦਾ ਸੀ ਤੇ ਇਸ ਸਾਲ 2 ਮਈ ਨੂੰ ਉਸ ਨੇ 89ਵੇਂ ਸਾਲ ’ਚ ਦਾਖ਼ਲ ਹੋਣਾ ਸੀ। ਉਹ ਪਰਿਵਾਰ ’ਚ ਪਤਨੀ, ਪੁੱਤਰ ਤੇ ਇਕ ਧੀ ਛੱਡ ਗਿਆ ਹੈ। ਉਸ ਦਾ ਇਕਲੌਤਾ ਪੁੱਤਰ ਕੈਨੇਡਾ ਸੈਟਲਡ ਹੈ। ਧੀ ਮਨਦੀਪ ਸਮਰਾ ਅਨੁਸਾਰ ਉਸ ਦੇ ਪਿਤਾ ਦੀ ਮੌਤ ਨੀਂਦ ’ਚ ਅਟੈਕ ਕਾਰਨ ਹੋਈ ਹੈ।
ਮੇਜਰ ਦੇ ਅਹੁਦੇ ਤੋਂ ਹੋਇਆ ਸੇਵਾਮੁਕਤ
ਭਾਰਤੀ ਫ਼ੌਜ ’ਚ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਬਲਬੀਰ ਸਿੰਘ ਜੂਨੀਅਰ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਸਾਰਪੁਰ ’ਚ 2 ਮਈ, 1932 ਨੂੰ ਬੇਅੰਤ ਕੌਰ ਦੀ ਕੁੱਖੋਂ ਬਾਬੂ ਅੱਛਰ ਸਿੰਘ ਕੁਲਾਰ ਦੇ ਗ੍ਰਹਿ ਵਿਖੇ ਹੋਇਆ। ਉਸ ਤੋਂ ਇਲਾਵਾ ਉਸ ਦੇ ਦੋ ਭਰਾਵਾਂ ਕਰਨਲ ਰਣਧੀਰ ਸਿੰਘ ਕੁਲਾਰ ਅਤੇ ਬਲਵੰਤ ਸਿੰਘ ਕੁਲਾਰ ਨੂੰ ਵੀ ਕੌਮੀ ਤੇ ਆਲਮੀ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। ਸਰਵਿਸਿਜ਼ ਦੀ ਹਾਕੀ ਟੀਮ ਲਈ ਨੈਸ਼ਨਲ ਹਾਕੀ ਖੇਡਣ ਵਾਲੇ ਕਰਨਲ ਰਣਧੀਰ ਸਿੰਘ ਕੁਲਾਰ ਨੂੰ 1953 ’ਚ ਮਲੇਸ਼ੀਆ ਨਾਲ ਹਾਕੀ ਟੈਸਟ ਲੜੀ ਖੇਡਣ ਦਾ ਮੌਕਾ ਨਸੀਬ ਹੋਇਆ। ਬਲਵੰਤ ਸਿੰਘ ਕੁਲਾਰ ਪੈਪਸੂ ਦੀ ਟੀਮ ਵੱਲੋਂ ਲੰਮਾ ਸਮਾਂ ਹਾਕੀ ਖੇਡਿਆ।

ਰੇਲਵੇ ਟੀਮ ਦੀ ਕੀਤੀ ਨੁਮਾਇੰਦਗੀ
ਬਲਬੀਰ ਸਿੰਘ ਨੇ ਹਾਕੀ ਖੇਡਣ ਦੀ ਸ਼ੁਰੂਆਤ ਦੁਨੀਆ ਦੀ ਹਾਕੀ ਦਾ ਮੱਕਾ ਕਹੇ ਜਾਂਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਤੋਂ ਕੀਤੀ। ਲਾਇਲਪੁਰ ਖ਼ਾਲਸਾ ਕਾਲਜ ਤੇ ਡੀਏਵੀ ਕਾਲਜ ਜਲੰਧਰ ’ਚ ਪੜ੍ਹਦਿਆਂ ਉਸ ਦੀ ਖੇਡ ਪ੍ਰਤਿਭਾ ’ਚ ਹੋਰ ਨਿਖਾਰ ਆਇਆ। ਕਾਲਜ ਪੜ੍ਹਦਿਆਂ ਉਹ ਪੰਜਾਬ ਯੂਨੀਵਰਸਿਟੀ ਦੀ ਟੀਮ ਵੱਲੋਂ ਇੰਟਰ-ਯੂਨੀਵਰਸਿਟੀ ਖੇਡਿਆ। ਟਾਪ ਦੀ ਹਾਕੀ ਖੇਡਣ ਸਦਕਾ ਉਸ ਨੂੰ ਇੰਟਰ-ਯੂਨੀਵਰਸਿਟੀ ਦੀ ਟੀਮ ਦਾ ਕਪਤਾਨ ਬਣਾਇਆ ਗਿਆ। ਇੰਟਰ-ਯੂਨੀਵਰਸਿਟੀ ਖੇਡਣ ਤੋਂ ਬਾਅਦ ਉਸ ਦੀ ਕਪਤਾਨੀ ’ਚ ਪਿ੍ਰਥੀਪਾਲ ਸਿੰਘ, ਬਾਲਿਸ਼ਨ ਸਿੰਘ, ਕੁਲਵੰਤ ਸਿੰਘ ਤੇ ਸਟੀਫਨ ਜਾਰਜ ਨੂੰ ਕੰਬਾਇੰਡ ਯੂਨੀਵਰਸਿਟੀ ਵੱਲੋਂ ਨੈਸ਼ਨਲ ਹਾਕੀ ਖੇਡਣ ਦਾ ਸੁਭਾਗ ਹਾਸਲ ਹੋਇਆ। ਉਸ ਨੇ ਰੇਲਵੇ ਜੁਆਇਨ ਕਰਨ ਤੋਂ ਬਾਅਦ ਕੌਮੀ ਹਾਕੀ ਖੇਡਣ ’ਚ ਭਾਰਤੀ ਰੇਲਵੇ ਦੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਉਸ ਨੂੰ ਕੰਬਾਇੰਡ ਯੂਨੀਵਰਸਿਟੀ, ਪੰਜਾਬ ਪੁਲਿਸ, ਪੰਜਾਬ, ਬੰਗਾਲ, ਭਾਰਤੀ ਰੇਲਵੇ ਤੇ ਸਰਵਿਸਿਜ਼ ਦੀਆਂ ਹਾਕੀ ਟੀਮਾਂ ਵੱਲੋਂ ਰਾਸ਼ਟਰੀ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। 1951 ਤੇ 1952 ’ਚ ਪੰਜਾਬ ਰਾਜ ਵੱਲੋਂ ਦੋ ਵਾਰ ਨੈਸ਼ਨਲ ਹਾਕੀ ਖੇਡਣ ਵਾਲੇ ਬਲਬੀਰ ਸਿੰਘ ਕੁਲਾਰ ਨੇ 1954 ’ਚ ਮੇਜਰ ਧਿਆਨ ਚੰਦ ਸਿੰਘ ਹਾਕੀ ਟੂਰਨਾਮੈਂਟ ’ਚ ਪੰਜਾਬ ਪੁਲਿਸ ਟੀਮ ਦੀ ਨੁਮਾਇੰਦਗੀ ਕੀਤੀ। 1953 ’ਚ ਮੱਧ ਪ੍ਰਦੇਸ਼ ਦੇ ਸਾਗਰ ’ਚ ਨੈਸ਼ਨਲ ਹਾਕੀ ਦੇ ਫਾਈਨਲ ਖੇਡਣ ਤੋਂ ਬਾਅਦ ਬਲਬੀਰ ਜੂਨੀਅਰ, ਬਾਲਿਸ਼ਨ ਸਿੰਘ ਤੇ ਸਰਪਾਲ ਸਿੰਘ ਨੂੰ ਬੰਗਾਲ ਦੇ ਈਸਟ ਬੰਗਾਲ ਹਾਕੀ ਕਲੱਬ ਨੇ ਬੰਗਾਲ ਹਾਕੀ ਲੀਗ ਖੇਡਣ ਲਈ ਆਪਣੇ ਕਲੱਬ ਨਾਲ ਜੋੜ ਲਿਆ। ਬਲਬੀਰ ਸਿੰੰਘ ਜੂਨੀਅਰ, ਸਰਪਾਲ ਸਿੰਘ ਤੇ ਬਾਲਿਸ਼ਨ ਸਿੰਘ 1953 ’ਚ ਰਾਸ਼ਟਰੀ ਹਾਕੀ ਖੇਡਣ ਲਈ ਬੰਗਾਲ ਦੀ ਹਾਕੀ ਟੀਮ ਵੱਲੋਂ ਮੈਦਾਨ ’ਚ ਨਿੱਤਰੇ। ਰੇਲਵੇ ਜੁਆਇਨ ਕਰਨ ਸਦਕਾ ਬਲਬੀਰ ਸਿੰਘ ਜੂਨੀਅਰ ਨੇ 1955 ’ਚ ਰਾਸ਼ਟਰੀ ਹਾਕੀ ’ਚ ਭਾਰਤੀ ਰੇਲਵੇ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਉਸ ਦੀ ਨੁਮਾਇੰਦਗੀ ਵਾਲੀ ਹਾਕੀ ਟੀਮ ਨੇ 1957, 1958 ਤੇ 1959 ’ਚ ਰੇਲਵੇ ਦੀ ਹਾਕੀ ਟੀਮ ਨੂੰ ਨੈਸ਼ਨਲ ਹਾਕੀ ਚੈਪੀਂਅਨ ਬਣਾਉਣ ’ਚ ਭਰਵਾਂ ਯੋਗਦਾਨ ਪਾਇਆ। ਭਾਰਤੀ ਰੇਲਵੇ ਵੱਲੋਂ ਹਾਕੀ ਖੇਡਣ ਵਾਲੇ ਬਲਬੀਰ ਸਿੰਘ ਕੁਲਾਰ ਜੂਨੀਅਰ ਨੂੰ 1964 ’ਚ ਫ਼ੌਜ ਦੀ ਹਾਕੀ ਟੀਮ ਨਾਲ ਮੈਦਾਨ ’ਚ ਖੇਡਣ ਦਾ ਹੱਕ ਹਾਸਲ ਹੋਇਆ।

ਉਸ ਨੂੰ 1955 ’ਚ ਯੂਰਪ ਹਾਕੀ ਟੂਰ ਦੌਰਾਨ ਸਪੇਨ, ਜਰਮਨੀ ਤੇ ਅਰਜਨਟੀਨਾ ਦੀਆਂ ਹਾਕੀ ਟੀਮਾਂ ਨਾਲ ਖੇਡਣ ਦਾ ਮੌਕਾ ਮਿਲਿਆ। ਇਸੇ ਸਾਲ ਹਾਲੈਂਡ ਦੀ ਡੱਚ ਟੀਮ ਨਾਲ ਐਮਸਟਰਡਮ ’ਚ ਤਿੰਨ ਦੋਸਤਾਨਾ ਮੈਚ ਖੇਡਣ ਲਈ ਉਹ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਿਆ। ਉਸ ਨੂੰ ਬਲਬੀਰ ਸਿੰਘ ਸੀਨੀਅਰ ਦੀ ਕਪਤਾਨੀ ’ਚ ਮੈਲਬਰਨ-1956 ਓਲੰਪਿਕ ’ਚ ਖੇਡਣ ਵਾਲੇ 18 ਮੈਂਬਰੀ ਟੀਮ ਦੇ ਦਸਤੇ ’ਚ ਸ਼ਾਮਲ ਕਰ ਲਿਆ ਗਿਆ ਸੀ ਪਰ ਕੈਂਪ ’ਚ ਸਿਖਲਾਈ ਦੌਰਾਨ ਗੋਡੇ ’ਤੇ ਸੱਟ ਲੱਗ ਜਾਣ ਸਦਕਾ ਬਲਬੀਰ ਜੂਨੀਅਰ ’ਤੇ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਨਹੀਂ ਲੱਗ ਸਕਿਆ। 1964 ’ਚ ਉਸ ਨੂੰ ਕੀਨੀਆ ਦੀ ਟੀਮ ਵਿਰੁੱਧ ਹੈਦਰਾਬਾਦ, ਦਿੱਲੀ ਤੇ ਬੰਗਲੌਰ ’ਚ ਦੋਸਤਾਨਾ ਹਾਕੀ ਮੈਚ ਖੇਡਣ ਦਾ ਹੱਕ ਹਾਸਲ ਹੋਇਆ। ਉਸ ਨੇ ਪੰਜਾਬ, ਰੇਲਵੇ, ਬੰਗਾਲ ਤੇ ਫ਼ੌਜ ਦੀ ਹਾਕੀ ਟੀਮ ਵੱਲੋਂ ਕੌਮੀ ਹਾਕੀ ਦੀ ਲੰਬੀ ਪਾਰੀ ਖੇਡੀ। ਉਸ ਨੇ ਆਲਮੀ ਹਾਕੀ ’ਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ ਪਰ ਪੰਜਾਬ ਦੀਆਂ ਸਰਕਾਰਾਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਕੋਈ ਮਾਣ-ਸਨਮਾਨ ਨਾ ਦੇ ਕੇ ਉਸ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ।
ਜਦੋਂ ਬਲਬੀਰਾਂ ਦੀ ਹੋਈ ਬੱਲੇ-ਬੱਲੇ
ਭਾਰਤੀ ਤੇ ਆਲਮੀ ਹਾਕੀ ’ਚ ਇਕ ਦੌਰ ਅਜਿਹਾ ਵੀ ਆਇਆ ਜਦੋਂ ਪੰਜਾਬ ਦਾ ਜਿਹੜਾ ਵੀ ਬਲਬੀਰ ਨਾਂ ਦਾ ਨੌਜਵਾਨ ਹਾਕੀ ਹੱਥ ਫੜ ਮੈਦਾਨ ’ਚ ਨਿੱਤਰਿਆ, ਉਸ ’ਤੇ ਹਾਕੀ ਦੇ ਦੇਵਤਾ ਨੇ ਆਪਣੀ ਖੇਡ ਦਿਆਲਤਾ ਦਾ ਅਜਿਹਾ ਹੱਥ ਰੱਖਿਆ ਕਿ ਉਹ ਰਾਤੋ-ਰਾਤ ਹਾਕੀ ਦਾ ਸਟਾਰ ਖਿਡਾਰੀ ਬਣ ਨਿਕਲਿਆ। ਇਕ ਸਮੇਂ ਹਾਕੀ ਖੇਡਦੇ ਸਮੇਂ ਮੈਦਾਨ ’ਚੋਂ ਖਿਡਾਰੀਆਂ ਦੇ ਮੰੂਹੋਂ ‘ਬਾਲ ਦੇਈਂ ਬੀਰਿਆ’, ‘ਫੜੀਂ ਬੀਰਿਆ’, ‘ਰੋਕੀਂ ਬੀਰਿਆ’, ‘ਅੱਗੇ ਜਾਈਂ ਬੀਰਿਆ’, ‘ਗੋਲ ਕਰੀਂ ਬੀਰਿਆ’ ਆਦਿ ਦੀਆਂ ਆਵਾਜ਼ਾਂ ਸੁਣਨ ਨੂੰ ਆਮ ਮਿਲਦੀਆਂ ਹੁੰਦੀਆਂ ਸਨ। ਇਕ ਵਾਰ ਦਿੱਲੀ ਦੇ ਨਹਿਰੂ ਕੌਮੀ ਹਾਕੀ ਕੱਪ ’ਚ ਜਦੋਂ ਵੱਖ-ਵੱਖ ਟੀਮਾਂ ਵੱਲੋਂ ਨੌਂ ਬਲਬੀਰ ਹਾਕੀ ਖੇਡਣ ਲਈ ਮੈਦਾਨ ’ਚ ਨਿੱਤਰੇ ਤਾਂ ਟੂਰਨਾਮੈਂਟ ਦਾ ਅੱਖੀਂ ਡਿੱਠਾ ਹਾਲ ਸੁਣਾ ਰਹੇ ਕੂਮੈਂਟੈਂਟਰਾਂ ਨੂੰ ਬਲਬੀਰਾਂ ਦੀ ਮੈਦਾਨੀ ਖੇਡ ਦੀ ਚਰਚਾ ਕਰਨ ’ਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਹਾਕੀ ਦੇ ਨਾਮੀਂ ਕੂਮੈਂਟੈਂਟਰ ਜਸਦੇਵ ਸਿੰਘ ਨੇ ਤੋੜ ਲੱਭਦਿਆਂ ਬਲਬੀਰਾਂ ਨੂੰ ਬਲਬੀਰ ਸੀਨੀਅਰ, ਬਲਬੀਰ ਜੂਨੀਅਰ, ਬਲਬੀਰ ਪੰਜਾਬ ਪੁਲਿਸ ਵਾਲਾ, ਬਲਬੀਰ ਰੇਲਵੇ ਵਾਲਾ, ਬਲਬੀਰ ਫ਼ੌਜ ਵਾਲਾ, ਬਲਬੀਰ ਦਿੱਲੀ ਵਾਲਾ ਅਤੇ ਬਲਬੀਰ ਨੇਵੀ ਵਾਲਾ ਦੇ ਨਾਵਾਂ ਨਾਲ ਕਲਾਸੀਫਿਕੇਸ਼ਨ ਕਰ ਕੇ ਬੁੱਤਾ ਸਾਰਿਆ ਗਿਆ। ਸਪੇਨ ਦੇ ਸ਼ਹਿਰ ’ਚ ਮੈਡਰਿਡ-1967 ’ਚ ਪਿ੍ਰਥੀਪਾਲ ਸਿੰਘ ਦੀ ਕਪਤਾਨੀ ਹੇਠ ਅੱਠ ਦੇਸ਼ਾ ਹਾਕੀ ਮੁਕਾਬਲਾ ਖੇਡਣ ਵਾਲੀ ਭਾਰਤੀ ਹਾਕੀ ਟੀਮ ਨਾਲ 4 ਬਲਬੀਰਾਂ ਨੂੰ ਹਾਕੀ ਮੈਦਾਨ ’ਚ ਖੇਡ ਪੈੈਲਾਂ ਪਾਉਣ ਦਾ ਮਾਣ ਹਾਸਲ ਹੋਇਆ। ਸਪੇਨ ’ਚ ਅੱਠ ਦੇਸ਼ਾ ਹਾਕੀ ਟੂਰਨਾਮੈਂਟ ’ਚ ਚੈਂਪੀਅਨ ਰਹੀ ਭਾਰਤੀ ਟੀਮ ’ਚ 4 ਬਲਬੀਰ ਸ਼ਾਮਲ ਸਨ। ਬੈਂਕਾਕ ’ਚ 1966 ਦੀਆਂ ਪੰਜਵੀਆਂ ਏਸ਼ਿਆਈ ਖੇਡਾਂ ’ਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨੂੰ 1-0 ਗੋਲ ਨਾਲ ਹਰਾ ਕੇ ਜਦੋਂ ਪਲੇਠਾ ਸੋਨ ਤਗਮਾ ਜਿੱਤਿਆ ਤਾਂ ਪੰਜਾਬ ਦੇ ਤਿੰਨ ਬਲਬੀਰਾਂ, ਬਲਬੀਰ ਸਿੰਘ ਕੁਲਾਰ ਫ਼ੌਜ ਵਾਲਾ, ਬਲਬੀਰ ਸਿੰਘ ਕੁਲਾਰ ਪੰਜਾਬ ਪੁਲਿਸ ਵਾਲਾ ਅਤੇ ਬਲਬੀਰ ਸਿੰਘ ਗਰੇਵਾਲ ਰੇਲਵੇ ਵਾਲਾ ਨੇ ਵੀ ਹੱਥ ’ਤੇ ਜਿੱਤ ਦਾ ਗਾਨਾ ਬੰਨ੍ਹਣ ਲਈ ਚੰਗੇ ਖੇਡ ਜੌਹਰ ਵਿਖਾਏ। ਇਨ੍ਹਾਂ ਤਿੰਨਾਂ ’ਚੋਂ ਦੋ ਬਲਬੀਰ ਸੰਸਾਰਪੁਰ ਦੇ ਸਨ।
ਆਲਮੀ ਹਾਕੀ ਖੇਡੇ ਸੰਸਾਰਪੁਰ ਦੇ ਤਿੰਨ ਬਲਬੀਰ
ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਹਾਕੀ ਦੀ ਦੁਨੀਆ ਦਾ ਨਿਵੇਕਲਾ ਪਿੰਡ ਹੈ, ਜਿਸ ਨੂੰ ਕੌਮੀ ਤੇ ਆਲਮੀ ਹਾਕੀ ਦੇ ਮੈਦਾਨ ’ਚ ਰਿਕਾਰਡ 57 ਖਿਡਾਰੀ ਉਤਾਰਨ ਦਾ ਮਾਣ ਹਾਸਲ ਹੈ। ਇਨ੍ਹਾਂ ’ਚ 16 ਓਲੰਪੀਅਨ, 12 ਆਲਮੀ ਤੇ 29 ਕੌਮੀ ਹਾਕੀ ਖਿਡਾਰੀਆਂ ਨੇ ਹਾਕੀ ਮੈਦਾਨ ’ਚ ਪੈਲਾਂ ਪਾਉਣ ਦਾ ਕਰਿਸ਼ਮਾ ਕੀਤਾ ਹੈ। ਮੈਕਸੀਕੋ-1968 ਦੀ ਓਲੰਪਿਕ ’ਚ ਵੀ ਸੰਸਾਰਪੁਰ ਦਾ ਕੀਨੀਆਈ ਓਲੰਪੀਅਨ ਜਗਜੀਤ ਸਿੰਘ ਕੁਲਾਰ ਅਫਰੀਕਨ ਮੁਲਕ ਦੀ ਹਾਕੀ ਟੀਮ ਵੱਲੋਂ ਆਪਣੇ ਪਿੰਡ ਦੇ ਪੰਜ ਭਾਰਤੀ ਹਾਕੀ ਪਲੇਅਰਾਂ ਬਲਬੀਰ ਸਿੰਘ ਕੁਲਾਰ ਫ਼ੌਜ ਵਾਲਾ, ਬਲਬੀਰ ਸਿੰਘ ਕੁਲਾਰ ਪੁਲਿਸ ਵਾਲਾ, ਜਗਜੀਤ ਸਿੰਘ ਕੁਲਾਰ, ਤਰਸੇਮ ਸਿੰਘ ਕੁਲਾਰ ਅਤੇ ਅਜੀਤਪਾਲ ਸਿੰਘ ਕੁਲਾਰ ਨੂੰ ਮੈਦਾਨ ਅੰਦਰ ਸ਼ਰੀਕ ਬਣ ਕੇ ਟੱਕਰਿਆ। ਬੈਂਕਾਕ-1966 ਏਸ਼ਿਆਈ ਹਾਕੀ ’ਚ ਪਹਿਲਾ ਸੋਨ ਤਗਮਾ ਜੇਤੂ ਭਾਰਤੀ ਹਾਕੀ ਟੀਮ ’ਚ ਖੇਡਣ ਵਾਲੇ ਤਿੰਨ ਬਲਬੀਰਾਂ, ਬਲਬੀਰ ਗਰੇਵਾਲ, ਬਲਬੀਰ ਕੁਲਾਰ ਪੰਜਾਬ ਤੇ ਬਲਬੀਰ ਕੁਲਾਰ ਫ਼ੌਜ ’ਚੋਂ ਦੋ ਬਲਬੀਰ ਪਿੰਡ ਸੰਸਾਰਪੁਰ ਦੇ ਸਨ। ਦੋ ਬਲਬੀਰ ਤੋਂ ਇਲਾਵਾ ਪਹਿਲਾ ਏਸ਼ੀਅਨ ਸੋਨ ਤਗਮਾ ਜੇਤੂ ਟੀਮ ’ਚ ਸੰਸਾਰਪੁਰ ਦੇ ਦੋ ਹੋਰ ਖਿਡਾਰੀ ਜਗਜੀਤ ਸਿੰਘ ਕੁਲਾਰ ਤੇ ਤਰਸੇਮ ਸਿੰਘ ਕੁਲਾਰ ਸ਼ਾਮਲ ਸਨ।

Related posts

IOW Championship : ਇੰਡੀਅਨ ਓਪਨ ‘ਚ ਸੰਦੀਪ ਕੁਮਾਰ ਤੇ ਰਵੀਨਾ ਬਣੇ ਜੇਤੂ

On Punjab

ਐਮ ਐਸ ਧੋਨੀ ਨੇ ਮੰਨੀ ICC ਦੀ ਗੱਲ, ਨਹੀਂ ਪਹਿਨਣਗੇ ‘ਬਲਿਦਾਨ ਚਿੰਨ੍ਹ’ ਵਾਲੇ ਦਸਤਾਨੇ

On Punjab

ਜਿੱਤ ਦਾ ਸਿਲਸਲਾ ਦਾਦਾ ਦੀ ਟੀਮ ਨੇ ਸ਼ੁਰੂ ਕੀਤਾ, ਅਸੀਂ ਸਿਰਫ਼ ਅੱਗੇ ਵਧਾ ਰਹੇ ਹਾਂ: ਕੋਹਲੀ

On Punjab