ਭਾਰਤ ‘ਚ ਰਿਕਾਰਡ ਤੋੜ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਜਿੱਥੇ ਪੂਰੀ ਦੁਨੀਆ ਦੀ ਨਜ਼ਰ ਹੁਣ ਭਾਰਤ ਤੇ ਭਾਰਤੀਆਂ ‘ਤੇ ਹੈ, ਉੱਥੇ ਹੀ ਇਟਲੀ ਦੇ ਲਾਸੀਓ ਸੂਬੇ ‘ਚ 36 ਬੱਚਿਆਂ ਸਮੇਤ 300 ਦੇ ਕਰੀਬ ਭਾਰਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਕਰਕੇ ਸਥਾਨਕ ਪ੍ਰਸ਼ਾਸਨ ਅਲਾਰਟ ਹੋ ਚੁੱਕਾ ਹੈ। ਇਟਾਲੀਅਨ ਮੀਡੀਆ ‘ਚ ਇਹ ਖ਼ਬਰ ਚਰਚਾਂ ਦਾ ਵਿਸ਼ਾ ਬਣੀ ਹੋਈ ਹੈ।
ਪ੍ਰਕਾਸ਼ਿਤ ਰਿਪੋਰਟਾਂ ਮੁਤਾਬਕ ਕੋਰੋਨਾ ਵਾਇਰਸ ਦਾ ਦੂਸਰਾ ਭਿਆਨਕ ਰੂਪ ਭਾਰਤ ਤੋ ਹੁੰਦਾ ਹੋਇਆ ਇਟਲੀ ‘ਚ ਦਾਖ਼ਲ ਹੋ ਚੁੱਕਾ ਹੈ। ਜੋ ਕਿਸੇ ਖ਼ਤਰੇ ਤੋ ਘੱਟ ਨਹੀ ਜਾਪਦਾ। ਲਾਤੀਨਾ ਤੇ ਆਸ-ਪਾਸ ਦੇ ਇਲਾਕਿਆ ‘ਚ ਕੋਈ 15 ਹਜ਼ਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ‘ਤੇ ਕੰਮ ਕਰ ਰਹੇ ਹਨ।
ਇਨ੍ਹਾਂ ਦਾ ਜਲਦ ਤੋਂ ਜਲਦ ਕਰੋਨਾ ਟੈਸਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਪਿਛਲੇ ਦਿਨਾਂ ‘ਚ ਭਾਰਤ ਤੋਂ ਇਟਲੀ ਪਹੁੰਚੇ ਭਾਰਤੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਦਾ ਡਰ ਬਣਿਆ ਹੋਇਆ ਹੈ। ਦੂਜੇ ਪਾਸੇ ਲਾਤੀਨਾ ਜ਼ਿਲ੍ਹੇ ਦੇ ਅਪ੍ਰਰੀਲੀਆ ਸ਼ਹਿਰ ਦੇ ਨਗਰ ਕੌਂਸਲ ਤੋ ਪ੍ਰਰਾਪਤ ਜਾਣਕਾਰੀ ਮੁਤਾਬਿਕ 32 ਭਾਰਤੀ ਪਰਿਵਾਰਾਂ ਦੇ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਜਿਨ੍ਹਾਂ ਭਾਰਤੀਆ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਉਨ੍ਹਾਂ ਆਪੋ-ਆਪਣੇ ਘਰਾਂ ‘ਚ ਰਹਿਣ (ਇਕਾਂਤਵਾਸ) ਲਈ ਆਖਿਆ ਗਿਆ ਹੈ। ਇਟਲੀ ਦੀ ਇਕ ਰਾਸ਼ਟਰੀ ਅਖ਼ਬਾਰ ਨੇ ਪੰਜਾਬੀਆਂ ਦੇ ਵੱਡੇ ਇਕੱਠ ਦੀ ਪੁਰਾਣੀ ਫੋਟੋ ਲਗਾਕੇ 300 ਸਿੱਖਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਜਿਸ ਤੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਟਲੀ ਪੁਲਿਸ ਇਲਾਕੇ ‘ਚ ਬਣੇ ਭਾਰਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਵੀ ਸ਼ੱਕ ਦੇ ਘੇਰੇ ਹੇਠ ਜਾਂਚ ਕਰ ਸਕਦੀ ਹੈ। ਇਸ ਲਈ ਭਾਰਤੀ ਭਾਈਚਾਰੇ ਤੇ ਪ੍ਰਬੰਧਕ ਕਮੇਟੀਆ ਨੂੰ ਸੁਚੇਤ ਹੋਕੇ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੀ ਹਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋ ਬਚਿਆ ਜਾ ਸਕੇ।
ਉਧਰ ਦੂਜੇ ਪਾਸੇ ਉੱਤਰੀ ਇਟਲੀ ਦੇ ਸੂਬਾ ਵੈਨਤੋ ਤੇ ਜ਼ਿਲ੍ਹਾ ਵਿਚੈਂਸਾ ਦੇ ਪਿੰਡ ਵਸਾਨੋ ‘ਚ ਵੀ ਇੱਕ ਪਰਿਵਾਰ ਦੇ ਪਿਤਾ ਤੇ ਧੀ ਨੂੰ ਵੀ ਭਾਰਤੀ ਨਵੇਂ ਵਾਇਰਸ ਦੀ ਲਪੇਟ ‘ਚ ਆਉਣ ਕਰਕੇ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਇਟਲੀ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ‘ਚ ਇਹ ਨਵੇ ਵਾਇਰਸ ਦੇ ਲੱਛਣ ਮਿਲਣ ਮਗਰੋਂ ਇਟਲੀ ਦਾ ਸਿਹਤ ਵਿਭਾਗ ਡੂੰਘੀ ਚਿੰਤਾ ‘ਚ ਹੈ। ਇਟਲੀ ‘ਚ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਵੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਭਾਰਤ ਤੋਂ ਆਉਂਦਾ ਹੈ ਤਾਂ ਉਸ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਸਬਾਊਦੀਆ ਸ਼ਹਿਰ ਦੇ ਇਲਾਕੇ (ਬੇਲਾ ਫਿਰਨੀਆਂ) ਜਿੱਥੇ ਕਿ ਵੱਡੀ ਗਿਣਤੀ ‘ਚ ਭਾਰਤੀ ਲੋਕ ਹੀ ਰਹਿੰਦੇ ਹਨ, ਉੱਥੇ 29 ਅਪ੍ਰੈਲ ਨੂੰ ਫਰੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ।