ਕੋਰੋਨਾ ਵਾਇਰਸ (ਕੋਵਿਡ-19) ਨੂੰ ਮਾਤ ਦੇਣ ਦੀ ਕੋਸ਼ਿਸ਼ ’ਚ ਨਾ ਸਿਰਫ਼ ਅਸਰਦਾਰ ਇਲਾਜ ਦੇ ਵਿਕਾਸ ਬਲਕਿ ਜਾਂਚ ਪ੍ਰਕਿਰਿਆ ’ਚ ਤੇਜ਼ੀ ਲਿਆਉਣ ’ਤੇ ਵੀ ਤੇਜ਼ੀ ਨਾਲ ਖੋਜ ਕੀਤੀ ਜਾ ਰਹੀ ਹੈ। ਇਸੇ ਕਵਾਇਦ ’ਚ ਲੱਗੇ ਖੋਜਕਰਤਾਵਾਂ ਨੇ ਇਕ ਨਵਾਂ ਚਿਪ ਵਿਕਸਤ ਕੀਤਾ ਹੈ। ਇਸ ਨਾਲ ਕੋਰੋਨਾ ਦੀ ਜਾਂਚ ’ਚ ਤੇਜ਼ੀ ਆਉਣ ਦੀ ਉਮੀਦ ਪ੍ਰਗਟਾਈ ਗਈ ਹੈ। ਇਹ ਇਕ ਅਜਿਹੀ ਚਿਪ ਹੈ, ਜਿਹੜੀ ਕੋਰੋਨਾ ਵਰਗੇ ਵਾਇਰਸਾਂ ਦੇ ਜੀਨੋਮ ਸੀਕਵੈਂਸਿੰਗ ਦਾ ਆਸਾਨ ਤੇ ਤੇਜ਼ ਤਰੀਕਾ ਮੁਹੱਈਆ ਕਰਾਉਂਦੀ ਹੈ। ਜੀਨੋਮ ਸੀਕਵੈਂਸਿੰਗ ਨਾਲ ਵਾਇਰਸ ਤੇ ਇਸਦੇ ਨਵੇਂ ਸਟ੍ਰੇਨ ਬਾਰੇ ਜਾਣਕਾਰੀ ਮਿਲਦੀ ਹੈ।
ਅਮਰੀਕਾ ਦੀ ਨਿਊ ਮੈਕਸੀਕੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਚਿਪ ਈਜਾਦ ਕੀਤੀ ਹੈ। ਉਹ ਇਸ ਜ਼ਰੀਏ ਹਰ ਨਮੂਨੇ ਦੇ ਜੀਨੋਮ ਦਾ 95 ਫ਼ੀਸਦੀ ਸੀਕਵੈਂਸ ਕਰਨ ’ਚ ਸਫਲ ਹੋਏ ਹਨ। ਅਧਿਐਨ ਦੇ ਪ੍ਰਮੁੱਖ ਖੋਜਕਰਤਾ ਜੇਰੇਮੀ ਐਡਵਰਡ ਨੇ ਕਿਹਾ, ‘ਇਸ ਨਵੀਂ ਤਕਨੀਕ ਦੇ ਜ਼ਰੀਏ ਕੋਰੋਨਾ ਤੇ ਇਸਦੇ ਨਵੇਂ ਵੈਰੀਐਂਟ ਸਮੇਤ ਸਾਹ ਸਬੰਧੀ ਦੂਜੇ ਵਾਇਰਸਾਂ ’ਤੇ ਤੇਜ਼ ਅਤੇ ਜ਼ਿਆਦਾ ਸਹੀ ਤਰੀਕੇ ਨਾਲ ਨਜ਼ਰ ਰੱਖੀ ਜਾ ਸਕਦੀ ਹੈ।’
ਉਨ੍ਹਾਂ ਕਿਹਾ ਕਿ ਇਸ ਆਸਾਨ ਤੇ ਤੇਜ਼ ਜਾਂਚ ਪ੍ਰਕਿਰਿਆ ਦੇ ਨਾਲ ਵਿਗਿਆਨੀ ਅਗਲੀ ਮਹਾਮਾਰੀ ਦੀ ਤਰੱਕੀ ’ਤੇ ਜ਼ਿਆਦਾ ਸਟੀਕ ਨਜ਼ਰ ਰੱਖਣ ਦੇ ਨਾਲ ਹੀ ਰੋਕਥਾਮ ਦੇ ਬਿਹਤਰ ਉਪਾਅ ਕਰਨ ’ਚ ਵੀ ਸਮਰੱਥ ਹੋ ਸਕਦੇ ਹਨ। ਲੈਂਗਮੁਇਰ ਮੈਗਜ਼ੀਨ ’ਚ ਛਪੇ ਅਧਿਐਨ ਦੇ ਖੋਜਕਰਤਾਵਾਂ ਨੇ ਕਿਹਾ ਕਿ ਕਲੀਨਿਕਲ ਟੈਸਟਿੰਗ ਦੀਆਂ ਰਵਾਇਤੀ ਵਿਧੀਆਂ ਨਾਲ ਪਾਜ਼ੇਟਿਵ ਜਾਂ ਨੈਗੇਟਿਵ ਦੇ ਨਤੀਜੇ ਅਕਸਰ ਹੀ ਗਲਤ ਆਉਂਦੇ ਹਨ। ਜੀਨੋਮ ਸੀਕਵੈਂਸਿੰਗ ਦੀਆਂ ਇਹ ਵਿਧੀਆਂ ਸਮੇਂ ਲੈਣ ਦੇ ਨਾਲ ਹੀ ਮਹਿੰਗੀਆਂ ਵੀ ਹਨ ਜਦਕਿ ਇਹ ਨਵੀਂ ਤਕਨੀਕ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ’ਚ ਸਮਰੱਥ ਹੈ। ਐਡਵਰਡ ਨੇ ਕਿਹਾ ਕਿ ਇਹ ਚਿਪ ਤਕਨੀਕ ਨਾ ਸਿਰਫ਼ ਮੌਜੂਦਾ ਮਹਾਮਾਰੀ ਨੂੰ ਕੰਟਰੋਲ ਕਰਨ ਬਲਕਿ ਭਵਿੱਖ ਦੀ ਹੋਰ ਮਹਾਮਾਰੀ ਦੀ ਰੋਕਥਾਮ ’ਚ ਵੀ ਮਦਦ ਕਰ ਸਕਦੀ ਹੈ।
