ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਲਾਸ ਏਂਜਲਸ ਦੇ ਮੇਅਰ ਏਰਿਕ ਗਾਰਸੇਟੀ ਨੂੰ ਭਾਰਤ ‘ਚ ਆਪਣੇ ਦੇਸ਼ ਦਾ ਨਵਾਂ ਰਾਜਦੂਤ ਨਿਯੁਕਤ ਕਰ ਸਕਦੇ ਹਨ। ਉਹ ਇਸ ਅਹੁਦੇ ਲਈ ਉਨ੍ਹਾਂ ਨੂੰ ਨਾਮਜ਼ਦ ਕਰਨ ਦੇ ਫ਼ੈਸਲੇ ‘ਤੇ ਵਿਚਾਰ ਕਰ ਰਹੇ ਹਨ। ਅਮਰੀਕੀ ਮੀਡੀਆ ‘ਚ ਆਈ ਰਿਪੋਰਟ ਦੇ ਮੁਤਾਬਕ, ਭਾਰਤ ‘ਚ ਅਮਰੀਕੀ ਰਾਜਦੂਤ ਅਹੁਦੇ ਲਈ ਜਿਨ੍ਹਾਂ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ‘ਚ ਏਰਿਕ ਵੀ ਸ਼ਾਮਲ ਹਨ।
ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ‘ਚ ਹੋਈ ਰਾਸ਼ਟਰਪਤੀ ਦੀ ਚੋਣ ਦੌਰਾਨ ਬਾਇਡਨ ਦੀ ਪ੍ਰਚਾਰ ਮੁਹਿੰਮ ਦੇ ਕੋ-ਚੇਅਰਮੈਨ ਦੇ ਤੌਰ ‘ਤੇ ਕੰਮ ਕੀਤਾ ਸੀ। 50 ਸਾਲਾ ਏਰਿਕ ਹਾਕਮ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹੋਣ ਦੇ ਨਾਲ ਹੀ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਹਨ। ਉਹ ਇਸ ਸ਼ਹਿਰ ਦੇ ਪਹਿਲੇ ਚੁਣੇ ਗਏ ਯਹੂਦੀ ਮੇਅਰ ਹਨ। ਰਿਪੋਰਟ ਮੁਤਾਬਕ, ਜੇਕਰ ਏਰਿਕ ਨੂੰ ਭਾਰਤ ‘ਚ ਅਮਰੀਕੀ ਰਾਜਦੂਤ ਬਣਾਇਆ ਜਾਂਦਾ ਹੈ ਤਾਂ ਉਹ ਅਜਿਹੇ ਸਮੇਂ ਇਹ ਅਹੁਦਾ ਸੰਭਾਲਣਗੇ, ਜਦੋਂ 1.36 ਅਰਬ ਦੀ ਆਬਾਦੀ ਵਾਲਾ ਇਹ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ।
ਮਾਰਚ ‘ਚ ਬਾਇਡਨ ਦੇ ਸਾਹਮਣੇ ਸੰਭਾਵਿਤ ਰਾਜਦੂਤਾਂ ਦੇ ਨਾਵਾਂ ਦੀ ਸੂਚੀ ਪੇਸ਼ ਕੀਤੀ ਗਈ ਸੀ, ਪਰ ਹਾਲੇ ਤਕ ਨਿਯੁਕਤੀਆਂ ‘ਤੇ ਆਖਰੀ ਫ਼ੈਸਲਾ ਨਹੀਂ ਹੋ ਸਕਿਆ। 20 ਜਨਵਰੀ ਤੋਂ ਭਾਰਤ ‘ਚ ਅਮਰੀਕੀ ਰਾਜਦੂਤ ਦਾ ਅਹੁਦਾ ਖਾਲੀ ਹੈ।