ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਦੁਨੀਆ ਦਾ ਹਰ ਦੇਸ਼ ਇਸ ਤੋਂ ਆਪਣਾ ਬਚਾਅ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗਾ ਹੈ। ਹੁਣ ਤਕ ਦੀਆਂ ਖੋਜਾਂ ਅਤੇ ਅਧਿਐਨਾਂ ਤੋਂ ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਇਸ ਤੋਂ ਬਚਾਅ ਦਾ ਅਸਰਦਾਰ ਤਰੀਕਾ ਇਸ ਖ਼ਿਲਾਫ਼ ਟੀਕਾਕਰਨ ਹੀ ਹੈ। ਸਰਕਾਰਾਂ ਦੇ ਸਹਿਯੋਗ ਨਾਲ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਦੁਨੀਆ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਜੰਗੀ ਪੱਧਰ ‘ਤੇ ਵੈਕਸੀਨ ਉਤਪਾਦਨ ‘ਚ ਲੱਗੀਆਂ ਹਨ। ਇਸ ਦੇ ਹਾਂਪੱਖੀ ਨਤੀਜੇ ਵੀ ਦਿਸ ਰਹੇ ਹਨ ਅਤੇ ਮਾਡਰਨਾ, ਫਾਈਜ਼ਰ ਅਤੇ ਜੌਨਸਨ ਐਂਡ ਜੌਨਸਨ ਵਰਗੀਆਂ ਵੱਡੀਆਂ ਕੰਪਨੀਆਂ ਹਰ ਮਹੀਨੇ ਵੈਕਸੀਨ ਦੀਆਂ 40 ਤੋਂ 50 ਕਰੋੜ ਖ਼ੁਰਾਕਾਂ ਤਿਆਰ ਵੀ ਕਰਨ ਲੱਗੀਆਂ ਹਨ।
ਵੈਕਸੀਨ ਉਤਪਾਦਨ ਦੇ ਨਜ਼ਰੀਏ ਨਾਲ ਤਾਂ ਸਭ ਕੁਝ ਠੀਕ ਨਜ਼ਰ ਆਉਂਦਾ ਹੈ ਪਰ ਇਸ ਦਾ ਨਾਂਹ-ਪੱਖੀ ਪਹਿਲੂ ਇਹ ਵੀ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਵੈਕਸੀਨ ‘ਤੇ ਅਮੀਰ ਦੇਸ਼ਾਂ ਦਾ ਹੀ ਕਬਜ਼ਾ ਹੈ। ਅਜੇ ਤਕ ਦੁਨੀਆ ਦੇ ਸਭ ਤੋਂ ਗ਼ਰੀਬ 29 ਦੇਸ਼ਾਂ ਦੇ ਹਿੱਸੇ ‘ਚ ਸਿਰਫ 0.3 ਫ਼ੀਸਦੀ ਹੀ ਵੈਕਸੀਨ ਆਈ ਹੈ।
ਡਿਊਕ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਹਰਡ ਇਮਿਊਨਿਟੀ ਭਾਵ ਸਮੂਹਕ ਪ੍ਰਤੀ-ਰੱਖਿਆ ਲਈ ਦੁਨੀਆ ਦੀ 70 ਫ਼ੀਸਦੀ ਆਬਾਦੀ ਦਾ ਟੀਕਾਕਰਨ ਜ਼ਰੂਰੀ ਹੈ ਜਿਸ ਲਈ ਲਗਪਗ 11 ਅਰਬ ਖੁਰਾਕਾਂ ਦੀ ਜ਼ਰੂਰਤ ਹੈ। ਵੈਕਸੀਨ ਉਤਪਾਦਨ ਬਾਰੇ ਕੋਈ ਸਟੀਕ ਅੰਕੜਾ ਤਾਂ ਨਹੀਂ ਹੈ ਪਰ ਅੰਦਾਜ਼ਾ ਹੈ ਕਿ ਦੁਨੀਆ ਭਰ ‘ਚ ਹੁਣ ਤਕ ਸਿਰਫ 1.7 ਅਰਬ ਖੁਰਾਕਾਂ ਦਾ ਹੀ ਉਤਪਾਦਨ ਹੋ ਸਕਿਆ ਹੈ।
ਦਵਾਈ ਕੰਪਨੀਆਂ ਦਰਿਆ-ਦਿਲੀ ਦਿਖਾਉਣ
ਅਜਿਹੇ ‘ਚ ਰਸਤਾ ਇਹੀ ਬਚਦਾ ਹੈ ਕਿ ਦਵਾਈ ਕੰਪਨੀਆਂ ਵੈਕਸੀਨ ਦਾ ਉਤਪਾਦਨ ਵਧਾਉਣ ਅਤੇ ਸਵੈ-ਇੱਛਾ ਨਾਲ ਦੂਸਰੀ ਕੰਪਨੀਆਂ ਨੂੰ ਵੈਕਸੀਨ ਬਣਾਉਣ ਦੀ ਇਜਾਜ਼ਤ ਅਤੇ ਆਪਣੀ ਤਕਨੀਕ ਦੇਣ। ਜੇ ਅਜਿਹਾ ਹੁੰਦਾ ਵੀ ਹੈ ਤਾਂ ਵੀ ਇਨ੍ਹਾਂ ਕੰਪਨੀਆਂ ਨੂੰ ਵੈਕਸੀਨ ਦਾ ਉਤਪਾਦਨ ਸ਼ੁਰੂ ਕਰਨ ‘ਚ ਘੱਟ ਤੋਂ ਘੱਟ ਛੇ ਮਹੀਨੇ ਲੱਗਣਗੇ।
ਕੀ ਹੈ ਸੌਖਾ ਤਰੀਕਾ
-ਅਮਰੀਕਾ ਸਮੇਤ ਅਮੀਰ ਦੇਸ਼ ਗ਼ਰੀਬ ਦੇਸ਼ਾਂ ਨੂੁੰ ਰਿਆਇਤ ਨਾਲ ਵੈਕਸੀਨ ਦੇਣ
-ਯੂਰਪੀ ਸੰਘ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਬਰਾਮਦ ਕਰਨ ਦੀ ਇਜਾਜ਼ਤ ਦੇਵੇ
-ਫਾਈਜ਼ਰ ਅਤੇ ਮਾਡਰਨਾ ਵਰਗੀਆਂ ਕੰਪਨੀਆਂ ਆਪਣੀ ਵੈਕਸੀਨ ਦੀ ਕੀਮਤ ਘੱਟ ਕਰਨ
-ਦੁਨੀਆ ਭਰ ਦੇ ਨੇਤਾ ਇਕ ਇਕਾਈ ਦੇ ਰੂਪ ‘ਚ ਕੰਮ ਕਰਨ ਅਤੇ ਸਭ ਦੀ ਭਲਾਈ ਬਾਰੇ ਸੋਚਣ