ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ’ਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਤੇ ਕੋਰੋਨਾ ਦੀ ਗੰਭੀਰ ਇਨਫੈਕਸ਼ਨ ਦਾ ਸਾਹਮਣਾ ਕਰਨ ਦੀ ਚਰਚਾ ਜ਼ੋਰਾਂ ’ਤੇ ਹੈ ਤੇ ਕਈ ਸੂਬਿਆਂ ਨੇ ਇਸ ਨਾਲ ਨਜਿੱਠਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਪਰ ਮਾਹਰਾਂ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੀਜੀ ਲਹਿਰ ’ਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੇ ਠੋਸ ਵਿਗਿਆਨਕ ਸੰਕੇਤ ਨਹੀਂ ਹਨ। ਇਸ ਦੇ ਲਈ ਉਹ ਪਹਿਲੀ ਤੇ ਦੂਜੀ ਲਹਿਰ ਵਿਚਾਲੇ ਸਮਾਨਤਾ ਦੀ ਦਲੀਲ ਦਿੰਦੇ ਹੋਏ ਤੀਜੀ ਲਹਿਰ ਦੇ ਵੱਖ ਹੋਣ ਦੇ ਸ਼ੱਕ ਨੂੰ ਬੇਬੁਨਿਆਦ ਦੱਸ ਰਹੇ ਹਨ।ਤੀਜੀ ਲਹਿਰ ’ਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਬਾਰੇ ਪੁੱਛੇ ਜਾਣ ’ਤੇ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਪਹਿਲੀ ਤੇ ਦੂਜੀ ਲਹਿਰ ਦਾ ਡਾਟਾ ਦੇਖੋ ਤਾਂ ਪਤਾ ਲੱਗਦਾ ਹੈ ਕਿ ਬੱਚੇ ਬਹੁਤ ਘੱਟ ਇਨਫੈਕਟਿਡ ਹੁੰਦੇ ਹਨ ਤੇ ਜੇਕਰ ਹੋਏ ਵੀ ਹਨ ਤਾਂ ਲੱਛਣ ਹਲਕੇ ਹੀ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤਕ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਤੀਜੀ ਲਹਿਰ ’ਚ ਇਨਫੈਕਟਿਡ ਬੱਚਿਆਂ ’ਚ ਜ਼ਿਆਦਾ ਹੋਵੇਗਾ ਤੇ ਉਹ ਵੀ ਗੰਭੀਰ ਹੋਵੇਗਾ। ਬੱਚਿਆਂ ’ਚ ਕੋਰੋਨਾ ਦੀ ਘੱਟ ਇਨਫੈਕਸ਼ਨ ਜਾਂ ਹਲਕੀ ਇਨਫੈਕਸ਼ਨ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸਦੇ ਪਿੱਛੇ ਇਕ ਵਿਗਿਆਨਕ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਜਿਸ ਰਿਸੈਪਟਰ ਦੇ ਸਹਾਰੇ ਕੋਸ਼ਿਕਾ ਨਾਲ ਜੁੜਦਾ ਹੈ, ਉਹ ਬੱਚਿਆਂ ’ਚ ਘੱਟ ਹੁੰਦਾ ਹੈ। ਡਾ. ਗੁਲੇਰੀਆ ਦੇ ਮੁਤਾਬਕ ਜਿਹੜੇ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦਾ ਖ਼ਤਰਾ ਪ੍ਰਗਟਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਬੱਚਿਆਂ ’ਚ ਹਾਲੇ ਤਕ ਇਹ ਹੋਇਆ ਨਹੀਂ ਹੈ, ਇਸੇ ਲਈ ਅਗਲੀ ਲਹਿਰ ’ਚ ਉਨ੍ਹਾਂ ਨੂੰ ਜ਼ਿਆਦਾ ਇਨਫੈਕਸ਼ਨ ਹੋ ਇਸੇ ਲਈ ਅਗਲੀ ਲਹਿਰ ’ਚ ਉਨ੍ਹਾਂ ਨੂੰ ਜ਼ਿਆਦਾ ਇਨਫੈਕਸ਼ਨ ਹੋ ਸਕਦੀ ਹੈ ਪਰ ਹਾਲੇ ਤਕ ਇਸ ਦਾ ਕੋਈ ਸੰਕੇਤ ਨਹੀਂ ਹੈ।
ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਵੀ ਪਹਿਲੀ ਤੇ ਦੂਜੀ ਲਹਿਰ ਦੇ ਬਰਾਬਰ ਰੂਪ ਨਾਲ ਵੱਖ-ਵੱਖ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਨਫੈਕਸ਼ਨ ਦਾ ਜਿਹੜਾ ਪੈਟਰਨ ਪਹਿਲੀ ਲਹਿਰ ’ਚ ਸੀ, ਉਹੀ ਦੂਜੀ ਲਹਿਰ ’ਚ ਵੀ ਪਾਇਆ ਗਿਆ ਹੈ। ਇਹ ਵੀ ਦੇਖਿਆ ਗਿਆ ਹੈ ਕਿ ਪਹਿਲੀ ਲਹਿਰ ਦੇ ਬਰਾਬਰ ਹੀ ਦੂਜੀ ਲਹਿਰ ’ਚ ਵੀ 60 ਸਾਲ ਤੋਂ ਜ਼ਿਆਦਾ ਉਮਰ ਤੇ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਦੀ ਮੌਤ ਦਰ ਜ਼ਿਆਦਾ ਰਹੀ ਹੈ। ਡਾ. ਗੁਲੇਰੀਆ ਨੇ ਵੀ ਕਿਹਾ ਕਿ ਪਿਛਲੇ ਡੇਢ ਮਹੀਨੇ ’ਚ ਏਮਜ਼ ਦਿੱਲੀ ’ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਆਡਿਟ ’ਚ ਪਾਇਆ ਗਿਆ ਕਿ ਉਮਰ ਵਰਗ ਤੇ ਗੰਭੀਰ ਬਿਮਾਰੀ ਦੇ ਮਾਮਲੇ ’ਚ ਉਹ ਪਹਿਲੀ ਲਹਿਰ ਦੇ ਬਰਾਬਰ ਹੀ ਰਹੀਆਂ ਹਨ।