ਇਟਲੀ ਦੇ ਰਿਜੋਏਮੀਲੀਆ ਇਲਾਕੇ ਦੇ ਕਸਬਾ ਨੋਵੇਲਾਰਾ ਤੋ ਇਕ 18 ਸਾਲਾ ਪਾਕਿਸਤਾਨੀ ਲੜਕੀ ਸਮਨ ਹੱਬਾਸ ਦੇ ਵਿਆਹ ਦਾ ਇੰਤਜ਼ਾਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਲਗਪਗ ਇਕ ਮਹੀਨੇ ਤੋਂ ਇਟਲੀ ਵਿਚ ਲਾਪਤਾ ਹੈ ਜਿਸ ਸਬੰਧੀ ਕਿਸੇ ਨੇ ਵੀ ਕੋਈ ਪੁਲਿਸ ਰਿਪੋਰਟ ਨਹੀਂ ਕੀਤੀ। ਉਸਦਾ ਪਹਿਲਾ ਕੇਸ ਜਿਹੜਾ ਸੁਰੱਖਿਆ ਦਾ ਸੀ, ਹੁਣ ਉਸ ਦੇ ਮਾਪਿਆਂ ਵਿਰੁੱਧ ਕਤਲ ਕਰਨ ਦੇ ਖਦਸ਼ੇ ’ਚ ਬਦਲ ਚੁੱਕਾ ਹੈ, ਜੋ ਚੁੱਪ -ਚੁਪੀਤੇ ਇਟਲੀ ਛੱਡ ਕੇ ਵਾਪਸ ਪਾਕਿਸਤਾਨ ਭੱਜ ਗਏ ਹਨ।ਪਾਕਿਸਤਾਨੀ ਲੜਕੀ ਸਮਨ ਹੱਬਾਸ ਨੇ ਆਪਣੇ ਮਾਪਿਆਂ ਉਪਰ ਜਨਵਰੀ ਵਿੱਚ ਉਸ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਦਾ ਸੋਸ਼ਲ ਸਰਵਿਸਜ਼ ਨੂੰ ਹਵਾਲਾ ਦਿੱਤਾ ਸੀ ਤੇ ਉਸ ਦੇ ਪਾਕਿਸਤਾਨੀ ਚਾਚੇ ਦੇ ਮੁੰਡੇ ਨਾਲ ਵਿਆਹ ਬੀਤੇ 22 ਦਸੰਬਰ ਨੂੰ ਤੈਅ ਹੋਇਆ ਦੱਸਿਆ ਸੀ, ਜਿਸ ਬਾਬਤ 17 ਦਸੰਬਰ ਨੂੰ ਏਅਰ ਲਾਈਨ ਦੀਆਂ ਟਿਕਟਾਂ ਵੀ ਖਰੀਦੀਆਂ ਗਈਆਂ ਸਨ ਪਰ ਉਸ ਸਮੇਂ ਸਮਨ ਹੱਬਾਸ ਨਾਬਾਲਗ ਸੀ, ਜਿਸ ਕਾਰਨ ਉਸ ਦੇ ਮਾਪੇ ਉਸ ਨਾਲ ਧੱਕਾ ਕਰਨ ਵਿੱਚ ਅਸਫ਼ਲ ਰਹੇ।
ਇਸ ਘਟਨਾ ਮਗਰੋਂ ਜਦੋਂ ਇਹ ਸਮਨ ਬਾਲਗ਼ ਹੋ ਗਈ ਤਾਂ ਫਿਰ ਮਮਤਾ ਵਿੱਚ ਭਾਵੁਕ ਹੋ ਆਪਣੇ ਮਾਪਿਆਂ ਕੋਲ ਹੀ ਚਲੀ ਗਈ। ਜਦਕਿ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਉਸਦੀ ਸ਼ਿਕਾਇਤ ਦੇ ਆਧਾਰ ‘ਤੇ ਆਪਣੀ ਦੇਖ-ਰੇਖ ਹੇਠ ਵੱਖਰੇ ਘਰ ਵਿੱਚ ਰੱਖਿਆ ਸੀ ।
ਇਟਾਲੀਅਨ ਪੁਲਿਸ ਨੇ ਦੱਸਿਆ ਕਿ ਸਮਨ ਹੱਬਾਸ ਉੱਤਰੀ ਯੂਰਪ ਦੀ ਇੱਕ ਛੋਟੀ ਜਿਹੀ ਯਾਤਰਾ ‘ਤੇ ਜਾਣ ਤੋਂ ਬਾਅਦ ਗਾਇਬ ਹੋ ਜਾਂਦੀ ਹੈ, ਜਿਸ ਨੂੰ ਇਕ ਮਹੀਨੇ ਤੋਂ ਵੱਧ ਲਾਪਤਾ ਹੋਣ ‘ਤੇ ਪੁਲਿਸ ਦਾ ਸ਼ੱਕ ਸਮਨ ਹੱਬਾਸ ਦੇ ਮਾਪਿਆਂ ਤੇ ਕਤਲ ਕੀਤੇ ਜਾਣ ਵੱਲ ਜਾ ਰਿਹਾ ਹੈ ਕਿਉਂਕਿ ਪੁਲਿਸ ਨੂੰ ਮਿਲੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਨੁਸਾਰ 29 ਅਪ੍ਰੈਲ 2021 ਨੂੰ ਪਰਿਵਾਰ ਦੇ ਤਿੰਨ ਮੈਂਬਰ ਸ਼ਾਮ 7.15 ਵਜੇ ਸ਼ੱਕੀ ਸਮਾਨ ਨਾਲ ਘਰੋਂ ਬਾਹਰ ਜਾਂਦੇ ਹਨ ਤੇ ਰਾਤ 9.50 ਵਜੇ ਮੁੜਦੇ ਹਨ ।ਪੁਲਿਸ ਪ੍ਰਸ਼ਾਸਨ ਵੱਲੋਂ ਹੈਲੀਕਾਪਰ, ਸ਼ਰਚ ਮਸ਼ੀਨਾਂ ਅਤੇ ਕੁੱਤਿਆਂ ਦੀ ਮਦਦ ਨਾਲ ਇਲਾਕੇ ਵਿਚ ਲਾਪਤਾ ਇਸ ਪਾਕਿਸਤਾਨੀ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਫ਼ੋਨ ਵਰਤਣ ਦੀ ਵੀ ਪਰਿਵਾਰ ਵੱਲੋ ਮਨਾਹੀ ਸੀ । ਨਗਰ ਕੌਂਸਲ ਨੋਵੇਲਾਰਾ ਦੀ ਮੇਅਰ ਐਲੇਨਾ ਕਾਰਲੇਤੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਚਿੰਤਾ ਪ੍ਰਗਟਾਈ ਹੈ ਕਿ ਕੁੜੀ ਸਹੀ ਸਲਾਮਤ ਹੋਵੇ ।ਪ੍ਰਸ਼ਾਸਨ ਵੱਲੋਂ ਉਸ ਦੀ ਬਹੁਤ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਤੇ ਇਟਲੀ ਦੇ ਏਅਰਪੋਰਟਾਂ ਤੋਂ ਵੀ ਇਟਲੀ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਦੀ ਸੂਚੀ ਦੇਖੀ ਗਈ ਜਿਸ ਵਿੱਚ ਸਮਨ ਹੱਬਾਸ ਦਾ ਕੋਈ ਜ਼ਿਕਰ ਨਹੀ ਮਿਲਿਆ।