ਬ੍ਰਾਊਨ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ 18 ਸਾਲਾਂ ਤਕ ਚੱਲੀ ਮੁਹਿੰਮ ’ਚ ਸਿਰਫ ਅਮਰੀਕਾ ਦੇ 2442 ਫ਼ੌਜੀ ਮਾਰੇ ਗਏ। ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੇ 1144 ਫ਼ੌਜੀਆਂ ਨੂੰ ਵੀ ਜਾਨ ਤੋਂ ਹੱਥ ਧੋਣਾ ਪਿਆ। ਦੱਸਣਯੋਗ ਹੈ ਕਿ ਮੁਹਿੰਮ ’ਚ ਮਾਰੇ ਗਏ ਫ਼ੌਜੀਆਂ ਦਾ ਰਿਕਾਰਡ ਨਾਟੋ ਨਹੀਂ ਰੱਖਦਾ। ਇਸ ਮੁਹਿੰਮ ਦੌਰਾਨ ਅਫ਼ਗਾਨਿਸਤਾਨ ਨੂੰ ਵੀ ਖਾਸਾ ਨੁਕਸਾਨ ਝੱਲਣਾ ਪਿਆ। ਉਸ ਦੇ 47000 ਨਾਗਰਿਕ ਤੇ 69000 ਰਾਸ਼ਟਰੀ ਹਥਿਆਰਬੰਦ ਬਲ ਅਤੇ ਪੁਲਿਸ ਦੇ ਜਵਾਨ ਮਾਰੇ ਗਏ। ਇਸ ਮਿਆਦ ’ਚ 51000 ਬਾਗ਼ੀ ਲੜਾਕਿਆਂ ਨੂੰ ਮਾਰ ਦਿੱਤਾ ਗਿਆ।

ਅਮਰੀਕਾ ਦੀ ਅਗਵਾਈ ਵਾਲੀ ਇਸ ਮੁਹਿੰਮ ਦੀ ਸਭ ਤੋਂ ਵੱਡੀ ਸਫਲਤਾ ਇਹ ਰਹੀ ਕਿ ਇਸ ਦੌਰਾਨ ਤਾਲਿਬਾਨ ਨੂੁੰ ਸੱਤਾ ਤੋਂ ਬੇਦਖਲ ਕੀਤਾ ਗਿਆ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ’ਚ ਲੰਬੇ ਸਮੇਂ ਲਈ ਸਥਿਰਤਾ ਆਈ ਹੈ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਹਾਲਾਤ ਬਿਹਤਰ ਹੋਏ ਹਨ। ਕਾਰਨੇਗੀ ਇੰਡੋਮੈਂਟ ਫਾਰ ਇੰਟਰਨੈਸ਼ਨਲ ਪੀਸ ’ਚ ਯੂਰਪੀ ਪ੍ਰੋਗਰਾਮ ਦੇ ਨਿਰਦੇਸ਼ਕ ਐਰਿਕ ਬ੍ਰੈਟਬਰਗ ਨੇ ਕਿਹਾ ਕਿ ਇਸ ਮੌਕੇ ਤੁਸੀਂ ਇਹ ਮੰਨ ਸਕਦੇ ਹੋ ਕਿ ਨਾਟੋ ਨੇਤਾ ਸ਼ਾਂਤੀਪੂਰਵਕ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ। ਉਹ ਇਸ ਨੂੰ ਇਕ ਵੱਡਾ ਮੁੱਦਾ ਬਣਾਏ ਜਾਣ ਦੀ ਬਜਾਏ ਹੋਰਨਾਂ ਗੱਲਾਂ ’ਤੇ ਧਿਆਨ ਦੇਣਾ ਚਾਹੁੰਦੇ ਹਨ।