51.94 F
New York, US
November 8, 2024
PreetNama
ਸਿਹਤ/Health

ਅੱਜ ਵਿਸ਼ਵ ਯੋਗ ਦਿਵਸ ’ਤੇ : ਯੋਗ ਅਪਣਾਓ ਫਿੱਟ ਹੋ ਜਾਓ

ਯੋਗਾ ਸਾਡੀ ਮਹਾਨ ਪੁਰਾਤਨ ਤਹਿਜੀਬ ਦਾ ਅੰਗ ਹੈ। ਇਹ ਸਰੀਰਕ ਕਸਰਤ ਨਾ ਹੋ ਕੇ ਇਕ ਸਰੀਰਕ ਅਭਿਆਸ ਹੈ, ਜੋ ਤਨ ਨੂੰ ਤਰੋਤਾਜ਼ਾ ਤੇ ਤੰਦਰੁਸਤ ਰੱਖਦਾ ਹੈ। ਮਨ ਨੂੰ ਸ਼ਾਂਤੀ, ਚੈਨ ਤੇ ਬਲ ਬਖ਼ਸ਼ਦਾ ਹੈ। ਇਸ ਤੋਂ ਅਗਾਂਹ ਆਤਮਿਕ ਬਲ ਤੇ ਇਕਾਗਰਤਾ ਬਖ਼ਸ਼ਦਾ ਹੈ। ਬਹੁਤ ਸਾਰੇ ਭਾਰਤੀਆਂ ਦੇ ਰੋਜ਼ਮਰ੍ਹਾ ਜੀਵਨ ਦਾ ਆਰੰਭ ਵੱਖ-ਵੱਖ ਯੋਗਿਕ ਆਸਣਾਂ ਤੇ ਕਿਰਿਆਵਾਂ ਕਰਨ ਨਾਲ ਹੁੰਦਾ ਹੈ। ਸੂਰਜ ਨੂੰ ਧਰਤੀ ਦਾ ਪਾਲਣਹਾਰ ਤੇ ਦੇਵਤਾ ਸਮਝਿਆ ਜਾਂਦਾ ਹੈ। ਸਵੇਰੇ ‘ਸੂਰਜ ਨਮਸਕਾਰ’ ਕਰਨ ਵਾਲੀ ਕਿਰਿਆ ਵੀ ਯੋਗਾ ਦਾ ਇਕ ਅੰਗ ਹੈ ਤੇ ਕਈ ਭਾਰਤੀ ਲੋਕ ‘ਸੂਰਜ ਨਮਸਕਾਰ’ ਤੇ ਪ੍ਰਾਣਾਯਾਮ ਦੀਆਂ ਕਿਰਿਆਵਾਂ ਕਰ ਕੇ ਆਪਣੀ ਰੋਜ਼ਾਨਾ ਜੀਵਨ ਦੀ ਸ਼ੁਰੂਆਤ ਕਰਦੇ ਹਨ। ਯੋਗਾ ਦੇ ਮਹਤੱਵ ਤੇ ਪ੍ਰਭਾਵ ਤੋਂ ਅਸੀਂ ਭਾਰਤੀ ਲੋਕ ਕਈ ਸਦੀਆਂ ਤੋਂ ਵਾਕਿਫ਼ ਹਾਂ।ਕੁਝ ਯੋਗਾਚਾਰੀ ਯੋਗਾ ਦੀ ਪਰਿਭਾਸ਼ਾ ਕਰਦੇ ਹੋਏ ਆਖਦੇ ਹਨ ਕਿ ਤਨ ਤੇ ਮਨ ਦੇ ਮੇਲ ਨੂੰ ‘ਯੋਗ’ ਕਿਹਾ ਜਾਂਦਾ ਹੈ। ਸਾਡੇ ਰਿਸ਼ੀਆਂ, ਮੁਨੀਆਂ ਤੇ ਯੋਗੀਆਂ ਨੇ ਯੋਗਾ ਨੂੰ ਤਨ, ਮਨ ਤੇ ਆਤਮਾ ਨੂੰ ਆਪਸ ਵਿਚ ਜੋੜਨ ਵਾਲਾ ਅਧਿਆਤਮਕ ਭਾਵ ਰੂਹਾਨੀ ਰਸਤਾ ਦੱਸਿਆ ਹੈ। ਕਈ ਚਿੰਤਕ ਤੇ ਦਾਰਸ਼ਨਿਕ ਆਤਮਾ ਤੇ ਮਨ ਨੂੰ ਇਕ ਹੀ ਮੰਨਦੇ ਹਨ। ਰੋਜ਼ਾਨਾ ਯੋਗਾ ਕਰਨ ਨਾਲ ਸਾਡੀਆਂ ਸਰੀਰਕ, ਮਾਨਸਿਕ ਤੇ ਆਤਮਿਕ ਯੋਗਤਾਵਾਂ ’ਚ ਵਾਧਾ ਹੁੰਦਾ ਹੈ।

ਰੁਜ਼ਗਾਰ ਦਾ ਵਸੀਲਾ

 

 

ਯੋਗਾ ਸਿਰਫ਼ ਲੋਕਾਂ ਨੂੰ ਤੰਦਰੁਸਤ ਰੱਖਣ ’ਚ ਹੀ ਸਹਾਇਤਾ ਨਹੀਂ ਕਰਦਾ ਸਗੋਂ ਰੁਜ਼ਗਾਰ ਦਾ ਵਧੀਆ ਵਸੀਲਾ ਵੀ ਹੈ। ਬੇਸ਼ੁਮਾਰ ਲੋਕ ਯੋਗਾ ਦੇ ਖੇਤਰ ’ਚ ਢੁੱਕਵਾਂ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ ਅਤੇ ਕਈ ਹੋਰ ਬੇਰੁਜ਼ਗਾਰ ਵਿਅਕਤੀ ਯੋਗਾ ਦੇ ਖੇਤਰ ’ਚ ਰੁਜ਼ਗਾਰ ਦੇ ਮੌਕੇ ਤਲਾਸ਼ ਰਹੇ ਹਨ। ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੁਝ ਕੁਦਰਤੀ ਇਲਾਜ ਪ੍ਰਣਾਲੀ ਤੇ ਯੋਗਾ ਸੰਸਥਾਵਾਂ, ਯੂਨੀਵਰਸਿਟੀਆਂ ਵੱਲੋਂ ਯੋਗਾ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਸਿਖਲਾਈ ਵੀ ਦਿੱਤੀ ਜਾਂਦੀ ਹੈ।

ਤਿੰਨ ਵਰ੍ਹਿਆਂ ਦਾ ‘ਡੀਐੱਨਵਾਈਐੱਸ’ ਭਾਵ ‘ਡਿਪਲੋਮਾ ਇਨ ਨੇਚਰੋਪੈਥੀ ਐਂਡ ਯੋਗਿਕ ਸਾਇੰਸ’ ਵਿਸ਼ੇ ਵਿਚ ਕੋਰਸ ਮੁਕੰਮਲ ਕਰਨ ਵਾਲਿਆਂ ਨੂੰ ਡਿਪਲੋਮੇ ਦਿੱਤੇ ਜਾਂਦੇ ਹਨ। ਇਹ ਕੋਰਸ ਪਾਸ ਕਰਨ ਵਾਲੇ ਵਿਦਿਆਰਥੀ ਆਪਣੇ ‘ਕੁਦਰਤੀ ਇਲਾਜ ਪ੍ਰਣਾਲੀ ਤੇ ਯੋਗ ਸੈਂਟਰ’ ਖੋਲ੍ਹ ਸਕਦੇ ਹਨ। ਸਰਕਾਰੀ ਜਾਂ ਗ਼ੈਰ ਸਰਕਾਰੀ

 

 

ਸੈਂਟਰਾਂ ਤੇ ਹਸਪਤਾਲਾਂ ਵਿਚ ਨੌਕਰੀਆਂ ਹਾਸਿਲ ਕਰ ਸਕਦੇ ਹਨ। ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਇਸ ਪ੍ਰਣਾਲੀ ਵਾਸਤੇ ਪ੍ਰੇਰਿਤ ਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਜ ਵੀ ਐਲੋਪੈਥੀ ਦੇ ਖੇਤਰ ’ਚ ਬੇਹੱਦ ਮਹਿੰਗੀ ਕਰ ਦਿੱਤੀ ਮੈਡੀਕਲ ਸਿੱਖਿਆ ਪ੍ਰਾਪਤ ਕਰਨੀ ਗ਼ਰੀਬ ਤੇ ਮੱਧ ਵਰਗ ਦੇ ਮਾਪਿਆਂ ਦੇ ਬੱਚਿਆਂ ਲਈ ਸੁਪਨਾ ਬਣ ਕੇ ਰਹਿ ਗਈ ਹੈ।

 

 

ਕੌਮਾਂਤਰੀ ਪੱਧਰ ’ਤੇ ਮਿਲੀ ਪਛਾਣ

 

 

ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ਵੱਲੋਂ 21 ਜੂਨ ਨੂੰ ‘ਵਿਸ਼ਵ ਯੋਗਾ ਦਿਵਸ’ ਵਜੋਂ ਮਾਨਤਾ ਦੇਣ ਕਾਰਨ ਯੋਗਾ ਦੀ ਕੌਮਾਂਤਰੀ ਪੱਧਰ ਉੱਪਰ ਪਛਾਣ ਬਣਨ ’ਚ ਕਾਫ਼ੀ ਮਦਦ ਮਿਲੀ ਹੈ ਤੇ ਕਰੋੜਾਂ ਲੋਕ ਯੋਗ-ਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਅਪਣਾਉਣ ਲੱਗ ਪਏ ਹਨ। ਇਹ ਕੋਈ ਅਤਿਕਥਨੀ ਨਹੀਂ ਕਿ ਹੁਣ ਦੁਨੀਆ ਦੇ ਕਰੋੜਾਂ ਲੋਕਾਂ ਨੇ ਯੋਗਾ ਨੂੰ ਆਪਣੀ ਜੀਵਨ ਜਾਚ ਦਾ ਅੰਗ ਬਣਾ ਲਿਆ ਹੈ। ਉਹ ਯੋਗਾ ਨੂੰ ਅਪਣਾ ਕੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਵੀ ਪ੍ਰਾਪਤ ਕਰਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਯੋਗਾ ਦੇ ਮਹਤੱਵ ਅਤੇ ਲਾਭਾਂ ਤੋਂ ਕਈ ਪੂਰਬੀ ਤੇ ਪੱਛਮੀ ਦੇਸ਼ ਕਾਫ਼ੀ ਅਰਸੇ ਤੋਂ ਜਾਣੂ ਹਨ।

 

 

ਅਮਰੀਕਾ, ਫਰਾਂਸ, ਇਟਲੀ, ਸਪੇਨ, ਇੰਗਲੈਂਡ ਆਦਿ ਦੇਸ਼ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਕੋਵਿਡ-19 ਮਹਾਮਾਰੀ ਨੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਨ੍ਹਾਂ ਮੁਲਕਾਂ ਦੇ ਕਈ ਲੋਕਾਂ ਨੇ ਯੋਗਾ ਨੂੰ ਆਪਣਾ ਮਨੋਬਲ ਉੱਚਾ ਚੁੱਕਣ ਲਈ ਵਰਤਿਆ ਹੈ ਤੇ ਵਰਤ ਰਹੇ ਹਨ। ਕਈ ਭਾਰਤੀ ਯੋਗਾ ਟ੍ਰੇਨਰ ਵੱਖ-ਵੱਖ ਮੁਲਕਾਂ ਅੰਦਰ ਯੋਗਾ ਸੈਂਟਰ ਖੋਲ੍ਹ ਕੇ ਉੱਥੋਂ ਦੇ ਵਾਸੀਆਂ ਨੂੰ ਸਹੀ ਢੰਗ ਨਾਲ ਯੋਗਾ ਕਰਨਾ ਸਿਖਾ ਰਹੇ ਹਨ। ਕੋਵਿਡ-19 ਮਹਾਮਾਰੀ ਦੇ ਸੰਕਟ ਦੌਰਾਨ ਹੋਰ ਇਲਾਜ ਪ੍ਰਣਾਲੀਆਂ ਤੋਂ ਇਲਾਵਾ ਯੋਗਾ ਪ੍ਰਣਾਲੀ ਦਾ ਵੀ ਸਹਾਰਾ

 

 

ਲੈ ਰਹੇ ਹਨ।

 

 

ਮਾਨਸਿਕ ਤਣਾਅ ਤੋਂ ਮਿਲਦੀ ਹੈ ਮੁਕਤੀ

 

 

ਯੋਗਾ ਸਾਡੇ ਤਨ ਨੂੰ ਤੰਦਰੁਸਤ ਤੇ ਨਿਰੋਗ ਰੱਖਣ ਦੇ ਨਾਲ-ਨਾਲ ਸਾਡੇ ਮਨ ਨੂੰ ਨਰੋਆ, ਸ਼ਾਂਤ ਤੇ ਸ਼ੁੱਧ ਰੱਖਦਾ ਹੈ। ਮਾਨਸਿਕ ਤੇ ਪਰਮਾਤਮਾ ਦਾ ਆਪਸ ’ਚ ਮੇਲ ਕਰਵਾਉਣ ਦੀ ਤਾਕਤ ਰੱਖਦਾ ਹੈ। ਮਾਨਸਿਕ ਤਣਾਅ ਤੋਂ ਮੁਕਤੀ (ਛੁਟਕਾਰਾ) ਦਿਵਾਉਦਾ ਹੈ। ਮਾਨਸਿਕ ਤਣਾਅ ਕਾਰਨ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਵੀ ਪ੍ਰਭਾਵਿਤ ਹੁੰਦੀ ਹੈ ਤੇ ਕਾਰਜਕੁਸ਼ਲਤਾ ਵੀ। ਜਿਨ੍ਹਾਂ ਲੋਕਾਂ ਨੇ ਯੋਗਾ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਲਿਆ, ਸਮਝੋ ਉਨ੍ਹਾਂ ਨੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਭੇਤ ਪਾ ਲਿਆ। ਰੋਜ਼ਾਨਾ ਯੋਗਾ ਕਰਨ ਨਾਲ ਸੰਜਮ, ਸਾਦਗੀ, ਸਹਿਣ ਸ਼ਕਤੀ, ਸਦਾਚਾਰ, ਇਕਾਗਰਤਾ ਵਰਗੇ ਅਮੁੱਲੇ ਗੁਣਾਂ ਦੀ ਪ੍ਰਾਪਤੀ ਵੀ ਹੁੰਦੀ ਹੈ। ਯੋਗਾ ਕਿਸੇ ਖ਼ਾਸ ਧਰਮ ਜਾਂ ਫਿਰਕੇ ਦੀ ਵਿਰਾਸਤ ਨਾ ਹੋ ਕੇ ਸਾਡੀ ਸਾਰਿਆਂ ਦੀ ਸਾਂਝੀ ਵਿਰਾਸਤ ਹੈ। ਇਕ ਮਹਾਨ ਫਲਸਫ਼ਾ ਤੇ ਜੀਵਨ ਜਾਚ ਹੈ। ਯੋਗਾ ਕਿਸੇ ਕਿਸਮ ਦੀ ਧਾਰਮਿਕ ਕਿਰਿਆ ਜਾਂ ਵਿਧੀ ਨਹੀਂ ਹੈ। ਇਹ ਤਾਂ ਸਾਡੇ ਤਨ ਤੇ ਮਨ ਨੂੰ ਤੰਦਰੁਸਤ ਰੱਖਣ ਵਾਲੀ ਇਕ ਅਦਭੁੱਤ ਪ੍ਰਣਾਲੀ ਹੈ। ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ/ਕਰਫਿਊ ਦੌਰਾਨ ਬਹੁਤ ਸਾਰੇ ਲੋਕਾਂ ਨੇ ਯੋਗਾ ਨੂੰ ਅਪਣਾ ਕੇ ਜਿੱਥੇ ਖ਼ੁਦ ਨੂੰ ਫਿੱਟ ਰੱਖਿਆ, ਉੱਥੇ ਨਾਲ ਹੀ ਮਾਨਸਿਕ ਤਣਾਅ ਨੂੰ ਦੂਰ ਭਜਾਉਣ ਵਿਚ ਕਾਮਯਾਬੀ ਵੀ ਹਾਸਿਲ ਕੀਤੀ।

 

 

ਯੋਗਾ ਕਰਨ ਦਾ ਢੱੁਕਵਾਂ ਸਮਾਂ

 

 

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਵਿਗਿਆਨਕ ਸਬੂਤਾਂ ਨਾਲ ਯੋਗਾ ਦੇ ਗਿਆਨ ਨੂੰ ਹਮਾਇਤ ਦੇਣ ਤੇ ਇਸ ਨੂੰ ਵਿਸ਼ਵ ਸਿਹਤ ਪ੍ਰੋਗਰਾਮਾਂ ਵਿਚ ਸ਼ਾਮਲ ਕਰਨ ਦੀ ਯੋਜਨਾ ਸਾਲ 2016 ’ਚ ਹੀ ਬਣਾ ਲਈ ਸੀ। ਹੁਣ ਉਹ ਇਸ ਖੇਤਰ ’ਚ ਭਾਰਤ ਸਮੇਤ ਹੋਰ ਮੁਲਕਾਂ ਅੰਦਰ ਆਪਣੇ ਸਹਿਯੋਗੀ ਕੇਂਦਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

 

 

ਉੱਘੇ ਯੋਗਾ ਸ਼ਾਸਤਰੀਆਂ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਮਹਾਮਾਰੀ ਕਾਰਨ ਉਪਜੇ ਤਣਾਅ ਤੇ ਫਿਰ ਤੋਂ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਨ ਕਾਰਨ ਉਪਜੀਆਂ ਸਰੀਰਕ ਤੇ ਮਾਨਸਿਕ ਉਲਝਣਾਂ ਅਤੇ ਬਿਮਾਰੀਆਂ ਨਾਲ ਯੋਗਾ ਦੀ ਮਦਦ ਨਾਲ ਸੌਖਿਆਂ ਹੀ ਸਿੱਝਿਆ ਜਾ ਸਕਦਾ ਹੈ। ਯੋਗਾ ਅਪਣਾਉਣ ’ਚ ਖ਼ਾਸ ਰਕਮ ਖ਼ਰਚਣ ਦੀ ਵੀ ਲੋੜ ਨਹੀਂ ਹੁੰਦੀ। ਸਧਾਰਨ ਤੇ ਸਾਫ਼-ਸੁਥਰੇ ਕੱਪੜੇ ਪਹਿਨ ਕੇ ਅਤੇ ਹੇਠਾਂ ਚਟਾਈ, ਚਾਦਰ ਜਾਂ ਦਰੀ ਵਿਛਾ ਕੇ ਯੋਗਾ ਦੇ ਵੱਖ-ਵੱਖ ਆਸਣ ਕੀਤੇ ਜਾ ਸਕਦੇ ਹਨ, ਕਿਰਿਆਵਾਂ ਕੀਤੀਆਂ ਜਾ ਸਕਦੀਆਂ ਹਨ।

 

 

ਯੋਗਾ ਕਰਨ ਦਾ ਵਧੇਰੇ ਢੁੱਕਵਾਂ ਸਮਾਂ ਸਵੇਰ ਦਾ ਹੁੰਦਾ ਹੈ। ਅੱਜ-ਕੱਲ੍ਹ ਮੂੰਹ ’ਤੇ ਮਾਸਕ ਬੰਨ੍ਹਣ ਤੇ ਸਮਾਜਿਕ (ਸਰੀਰਕ) ਦੂਰੀ ਕਾਇਮ ਰੱਖਣ ਦੇ ਨੇਮਾਂ ਦੀ ਪਾਲਣਾ ਯੋਗਾ ਸੈਂਟਰਾਂ ਅੰਦਰ ਵੀ ਹੋਣ ਲੱਗ ਪਈ ਹੈ। ਹਾਂ, ਕੁਝ ਯੋਗਿਕ ਕਿਰਿਆਵਾਂ ਮਾਸਕ ਬੰਨ੍ਹਣ ਤੋਂ ਬਿਨਾਂ ਕਰਨੀਆਂ ਪੈ ਸਕਦੀਆਂ ਹਨ।

 

 

ਵਿਚਾਰਾਂ ਨੂੰ ਰੱਖੋ ਯਾਦ

 

 

‘ਯੋਗ ਭਜਾਏ ਰੋਗ’, ‘ਯੋਗ ਰੱਖੇ ਨਿਰੋਗ’ ਆਦਿ ਪਰਖੇ ਹੋਏ ਵਿਚਾਰ ਸਦਾ ਚੇਤੇ ਰੱਖਣੇ ਚਾਹੀਦੇ ਹਨ। ਯੋਗਾ ਨਾਲ ਰੋਗਾਂ ਨੂੰ ਦੂਰ ਕਰਨ ਦੇ ਅਹਿਮ ਤਰੀਕੇ ਤੋਂ ਦੁਨੀਆ ਜਾਣੂ ਹੋ ਰਹੀ ਹੈ। ‘ਡੀਐੱਨਵਾਈਐੱਸ’ ਦੇ ਤਿੰਨ ਵਰ੍ਹਿਆਂ ਦੇ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਕੁਦਰਤੀ ਇਲਾਜ ਪ੍ਰਣਾਲੀ ਦੇ ਸਿਧਾਂਤਾਂ, ਟੀਚਿਆਂ, ਯੋਗਾ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਰਾਜ ਯੋਗ, ਭਗਤੀ ਯੋਗ, ਹੱਠ ਯੋਗ, ਧਿਆਨ ਯੋਗ, ਲਯ ਯੋਗ, ਕਰਮ ਯੋਗ, ਤੰਤਰ ਯੋਗ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਯੋਗਿਕ ਤੇ ਗ਼ੈਰ ਯੋਗਿਕ ਅਭਿਆਸ ਵਿਚਕਾਰ ਮੌਜੂਦ ਫ਼ਰਕ ਦੀ ਪਛਾਣ ਕਰਨੀ ਸਿਖਾਈ ਜਾਂਦੀ ਹੈ। ਯੋਗਾ ਨਾਲ ਸਬੰਧਿਤ ਸਾਰੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਯੋਗਾ ’ਚ ਡਿਲਪੋਮਾ ਜਾਂ ਸਰਟੀਫਿਕੇਟ ਕੋਰਸ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਵੀ ਕੀਤੀ ਜਾ ਸਕਦੀ ਹੈ। ਖ਼ਾਸ ਗੱਲ ਇਹ ਵੀ ਹੈ ਕਿ ਯੋਗਾ ਦੀ ਪੜ੍ਹਾਈ ਕਿਸੇ ਵੀ ਉਮਰ ’ਚ ਕੀਤੀ ਜਾ ਸਕਦੀ ਹੈ। ਉਮਰ ਦੀ ਕੋਈ ਹੱਦ ਨਹੀਂ।

 

 

ਕੁਦਰਤੀ ਇਲਾਜ ਪ੍ਰਣਾਲੀ

 

 

ਰੋਗੀਆਂ ਦਾ ਇਲਾਜ ਕਰਨ ਵਾਸਤੇ ਜਿੱਥੇ ਐਲੋਪੈਥੀ, ਆਯੁਰਵੇਦ, ਹੋਮਿਓਪੈਥੀ, ਐਕਯੂਪ੍ਰੈਸ਼ਰ ਆਦਿ ਇਲਾਜ ਪ੍ਰਣਾਲੀਆਂ ਆਪੋ-ਆਪਣੀ ਭੂਮਿਕਾ ਨਿਭਾਉਦੀਆਂ ਹਨ, ਉੱਥੇ ਯੋਗਾ ਤੇ ਕੁਦਰਤੀ ਇਲਾਜ ਪ੍ਰਣਾਲੀ ਵੀ ਲੋਕਾਂ ਨੂੰ ਨਿਰੋਗੀ ਤੇ ਤੰਦਰੁਸਤ ਰੱਖਣ ’ਚ ਆਪਣੀ ਅਹਿਮ ਭੂਮਿਕਾ ਨਿਭਾਉਦੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਚਲਾਏ ਜਾਂਦੇ ਜਨਤਕ ਸਿਹਤ ਪ੍ਰੋਗਰਾਮਾਂ ਤੇ ਯੋਜਨਾਵਾਂ ਵਿਚ ਬਾਕੀ ਇਲਾਜ ਪ੍ਰਣਾਲੀਆਂ ਦੇ ਨਾਲ-ਨਾਲ ਯੋਗਾ ਤੇ ਕੁਦਰਤੀ ਇਲਾਜ ਪ੍ਰਣਾਲੀ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।

Related posts

ਮੱਛਰਾਂ ਨੂੰ ਭਜਾਉਣ ਲਈ ਕਰੋ ਇਹ ਪੱਕਾ ਕੁਦਰਤੀ ਹੱਲ

On Punjab

ਅੱਖਾਂ ਦੇ ਦੁਆਲੇ ਕਾਲੇ ਘੇਰਿਆ ਨੂੰ ਇੰਝ ਕਰੋ ਖ਼ਤਮ

On Punjab

ਸਕਿਨ ਦੇ ਰੋਗਾਂ ਲਈ ਫ਼ਾਇਦੇਮੰਦ ਹੁੰਦੀ ਹੈ ‘ਗੁਲਕੰਦ’ !

On Punjab