ਅਮਰੀਕੀ ਸੰਸਦ (ਕੈਪੀਟਲ ਹਿੱਲ) ’ਤੇ ਛੇ ਜਨਵਰੀ ਨੂੰ ਹੋਏ ਹਮਲੇ ਦੀ ਜਾਂਚ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਜ਼ਰੀਏ ਹੀ ਆਈ ਹੈ।
ਡੈਮੋਕ੍ਰੇਟਿਕ ਆਗੂਆਂ ਦੀ ਨਿੱਜੀ ਬੈਠਕ ’ਚ ਸਪੀਕਰ ਨੈਂਸੀ ਪੇਲੋਸੀ ਨੇ ਕਮੇਟੀ ਦੇ ਗਠਨ ਦੀ ਜਾਣਕਾਰੀ ਦਿੱਤੀ ਹੈ। ਨਵੀਂ ਕਮੇਟੀ ਦੇ ਗਠਨ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਸੈਨੇਟ ’ਚ ਰਿਪਬਲਿਕਨ ਮੈਂਬਰਾਂ ਨੇ ਦੋ ਪੱਖੀ ਸੁਤੰਤਰ ਜਾਂਚ ਕਮਿਸ਼ਨ ਬਣਾਉਣ ਦੇ ਬਿੱਲ ’ਚ ਅੜਿੱਕਾ ਲਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੋਣਾਂ ਦੇ ਬਾਅਦ 6 ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਨੇ ਸੰਸਦ (ਕੈਪੀਟਲ ਹਿੱਲ) ’ਚ ਵੜ ਕੇ ਹਿੰਸਾ ਕੀਤੀ ਸੀ। ਇਸ ਘਟਨਾ ਤੋਂ ਬਾਅਦ ਪ੍ਰਤੀਨਿਧ ਸਭਾ ਨੇ ਦੋ ਪੱਖੀ ਸੁਤੰਤਰ ਜਾਂਚ ਲਈ ਕਮਿਸ਼ਨ ਗਠਨ ਕਰਨ ਦਾ ਬਿੱਲਾ ਪਾਸ ਕਰ ਦਿੱਤਾ ਸੀ, ਜੋ ਸੈਨੇਟ ’ਚ ਅਟਕਿਆ ਹੈ। ਬਿਲ ਦੇ ਪਾਸ ਹੋਣ ਲਈ ਸੈਨੇਟ ’ਚ ਰਿਪਬਿਲਕਨ ਪਾਰਟੀ ਦੇ ਘੱਟੋ ਘੱਟ ਦਸ ਮੈਂਬਰਾਂ ਦੇ ਸਮਰਥਨ ਦੀ ਜ਼ਰੂਰਤ ਹੈ।