13.57 F
New York, US
December 23, 2024
PreetNama
ਖੇਡ-ਜਗਤ/Sports News

Flying Sikh : ਉੱਡਣਾ ਸਿੱਖ ਮਿਲਖਾ ਸਿੰਘ

ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਮਹਾਨ ਅਥਲੀਟ ਮਿਲਖਾ ਸਿੰਘ ਦਾ ਕੋਰੋਨਾ ਨਾਲ ਆਕਸੀਜਨ ਪੱਧਰ ਘੱਟ ਗਿਆ ਸੀ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਣ ਕਰਕੇ ਉਸ ਨੂੰ ਪੀ.ਜੀ.ਆਈ. (ਚੰਡੀਗੜ੍ਹ) ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ 18 ਜੂਨ ਰਾਤ ਨੂੰ ਕਰੀਬ ਸਾਢੇ ਗਿਆਰਾਂ ਵਜੇ ਆਖ਼ਰੀ ਸਾਹ ਲਿਆ । ਕੁਝ ਦਿਨ ਪਹਿਲਾਂ ਹੀ ਉਸ ਦੀ ਜੀਵਨ ਸਾਥਣ ਤੇ ਵਾਲੀਵਾਲ ਦੀ ਸਾਬਕਾ ਕੌਮੀ ਕਪਤਾਨ ਨਿਰਮਲ ਕੌਰ ਨਿੰਮੀ ਦਾ 13 ਜੂਨ ਨੂੰ ਦੇਹਾਂਤ ਹੋ ਗਿਆ ਸੀ।

ਮਿਲਖਾ ਸਿੰਘ ਦਾ ਜਨਮ ਮਾਤਾ ਚਾਵਲੀ ਕੌਰ ਦੀ ਕੁੱਖੋਂ ਪਿਤਾ ਸੰਪੂਰਨ ਸਿੰਘ ਦੇ ਘਰ ਨਿੱਕੇ ਜਿਹੇ ਪਿੰਡ ਗੋਬਿੰਦਪੁਰਾ, ਤਹਿਸੀਲ ਕੋਟ ਅੱਦੂ, ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿਖੇ 20 ਨਵੰਬਰ 1932 ਨੂੰ ਹੋਇਆ। ਉਹ ਕੁੱਲ 8 ਭੈਣ – ਭਰਾ ਸਨ । ਅਮੀਰ, ਦੋਲਤ ਤੇ ਮੱਖਣ ਵੱਡੇ ਭਰਾ ਸਨ। ਮਖਣੀ, ਹੁੰਦੀ ਤੇ ਈਸ਼ਰ ਵੱਡੀਆਂ ਭੈਣਾਂ ਸਨ ਜਦਕਿ ਗੋਬਿੰਦ ਸਭ ਤੋਂ ਛੋਟਾ ਸੀ। ਪਿਤਾ ਕਿਸਾਨ ਸੀ।

ਵੰਡ ਦਾ ਹੰਢਾਇਆ ਸੰਤਾਪ

 

ਮਿਲਖਾ ਸਿੰਘ ਲਈ ਸਭ ਤੋਂ ਵੱਧ ਭਿਆਨਕ ਸਮਾਂ 15 ਅਗਸਤ 1947 ਦਾ ਸੀ ਜਦੋਂ ਹਿੰਦੋਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ। ਇਸ ਤਬਾਹੀ ਵਿਚ ਉਨ੍ਹਾਂ ਦੇ ਪਿੰਡ ਦੇ 1500 ਵਿਅਕਤੀਆਂ ਦੇ ਨਾਲ-ਨਾਲ ਮਿਲਖਾ ਸਿੰਘ ਦੇ ਪਰਿਵਾਰ ਦੇ ਬਹੁਤੇ ਜੀਅ ਮਾਰੇ ਗਏ। ਉਸ ਸਮੇਂ ਦਮ ਤੋੜਦੇ ਮਿਲਖਾ ਸਿੰਘ ਦੇ ਪਿਤਾ ਦੀਆਂ ਮੂੰਹੋਂ ਨਿਕਲੀਆਂ ਆਵਾਜ਼ਾਂ ‘ਭਾਗ ਮਿਲਖਾ ਭਾਗ’ ਮਿਲਖਾ ਸਿੰਘ ਦੇ ਕੰਨਾਂ ’ਚ ਆਖ਼ਰੀ ਦਮ ਤਕ

ਗੂੰਜਦੀਆਂ ਰਹੀਆਂ।

 

ਉਹ ਉਸ ਵੇਲੇ ਐਨੇ ਵੱਡੇ ਸਦਮੇ ਦੀ ਹਾਲਤ ’ਚ ਕਦੇ ਦੌੜਦਾ, ਕਦੇ ਤੁਰਦਾ, ਲੁਕ-ਛੁਪ ਕੇ ਜ਼ਿੰਦਗੀ ਬਚਾਉਂਦਾ ਮਸਾਂ ਹੀ ਸਟੇਸ਼ਨ ’ਤੇ ਪਹੁੰਚਿਆ ਸੀ। ਲਹੂ-ਲੁਹਾਨ ਹਾਲਤ ’ਚ ਉਹ ਮੁਲਤਾਨ ਜਾਣ ਵਾਲੀ ਰੇਲ ਗੱਡੀ ’ਚ ਚੜ੍ਹਿਆ। ਮੁਲਤਾਨ ਵਿਚ ਜਦੋਂ ਹਿੰਦੂ-ਸਿੱਖ ਸੁਰੱਖਿਅਤ ਨਾ ਰਹੇ ਤਾਂ ਸਰਕਾਰੀ ਹੁਕਮ ਆ ਗਿਆ ਕਿ ਹਿੰਦੂ-ਸਿੱਖ ਫ਼ੌਜੀਆਂ ਦੇ ਪਰਿਵਾਰਾਂ ਨੂੰ ਫੌਰਨ ਭਾਰਤ ਭੇਜਿਆ ਜਾਵੇ।

ਮਿਲਖਾ ਸਿੰਘ ਦਾ ਭਰਾ ਮੱਖਣ ਸਿੰਘ ਫੌਜ ਵਿਚ ਸੀ। ਉਸ ਸਮੇਂ ਉੱਜੜੇ ਹੋਰ ਪਰਿਵਾਰਾਂ ਨਾਲ ਮਿਲਖਾ ਸਿੰਘ ਤੇ ਉਸ ਦੇ ਭਰਾ ਮੱਖਣ ਸਿੰਘ ਦੀ ਪਤਨੀ ਜੀਤ ਕੌਰ ਵੀ ਫ਼ੌਜ ਦੇ ਟਰੱਕ ਵਿਚ ਬੈਠ ਕੇ ਹੁਸੈਨੀਵਾਲਾ ਫਿਰੋਜ਼ਪੁਰ ਸਰਹੱਦ ਵੱਲ ਨੂੰ ਚੱਲ ਪਏ। ਇਹ ਬੜਾ ਭਿਆਨਕ ਸਫ਼ਰ ਸੀ।

 

ਫ਼ੌਜ ’ਚ ਬਣਿਆ ਸਭ ਦੀਆਂ ਅੱਖਾਂ ਦਾ ਤਾਰਾ

 

ਮਿਲਖਾ ਸਿੰਘ 1952 ’ਚ ਫ਼ੌਜ ਵਿਚ ਭਰਤੀ ਹੋ ਗਿਆ। ਉਸ ਸਮੇਂ ਤਨਖ਼ਾਹ 39 ਰੁਪਏ ਮਹੀਨਾ ਸੀ। 1953 ਨੂੰ ਜਦ ਫ਼ੌਜ ’ਚ ਛੇ ਮੀਲ ਦੀ ਦੌੜ ਲਵਾਈ ਗਈ ਤਾਂ ਉਹ ਛੇਵੇਂ ਥਾਂ ’ਤੇ ਆਇਆ। ਇਹ ਦੌੜ ਹਰ ਰੋਜ਼ ਲਵਾਈ ਜਾਂਦੀ। ਛੇ ਹਫ਼ਤੇ ਬਾਅਦ ਕਰਾਸ-ਕੰਟਰੀ ਦੌੜ ਰੱਖੀ ਗਈ, ਜਿਸ ਵਿਚ ਉਹ ਦੂਜੇ ਸਥਾਨ ’ਤੇ ਆਇਆ। ਉਸ ਸਮੇਂ ਉਹ ਸਭ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਉਸ ਨੇ ਪਹਿਲੀ ਵਾਰ 400 ਮੀਟਰ ਦੌੜ 63 ਸਕਿੰਟ ਵਿਚ ਲਾਈ ਅਤੇ ਹਰ ਰੋਜ਼ ਦੇ ਅਭਿਆਸ ਨਾਲ ਇਹ ਸਮਾਂ ਘਟ ਕੇ ਮਿੰਟ ਤੋਂ ਵੀ ਹੇਠਾਂ ਨੂੰ ਆਉਂਦਾ ਗਿਆ।

 

ਮਿਲਖਾ ਸਿੰਘ ਦਾ ਰੰਗਰੂਟੀ ਸਮੇਂ ਸਾਰਾ ਦਿਨ ਪਰੇਡ ਬਗੈਰਾ ’ਚ ਲੰਘ ਜਾਂਦਾ ਤੇ ਰਾਤ ਨੂੰ ਉਹ ਆਪਣਾ ਖਾਣਾ ਆਪਣੀ ਬੈਰਕ ਵਿਚ ਆਪਣੇ ਬਿਸਤਰੇ ’ਚ ਲੁਕੋ ਦਿੰਦਾ । ਜਦ ਸਾਰੇ ਸਾਥੀ ਆਰਾਮ ਕਰ ਰਹੇ ਹੁੰਦੇ ਤਾਂ ਉਹ ਚੁੱਪ-ਚਾਪ ਉਨ੍ਹਾਂ ਕੋਲੋਂ ਜਾ ਕੇ ਮੈਦਾਨ ’ਚ ਅਭਿਆਸ ਕਰ ਰਿਹਾ ਹੁੰਦਾ। ਹਰ ਰੋਜ਼ ਮੈਦਾਨ ’ਚ ਪੰਜ-ਛੇ ਚੱਕਰ ਪੂਰੇ ਕਰ ਕੇ ਫੇਰ ਆਪਣੇ ਕਮਰੇ (ਬੈਰਕ) ਵਿਚ ਵਾਪਸ ਆਉਂਦਾ, ਨਹਾਉਂਦਾ ਤੇ ਆਪਣੀ ਰਾਤ ਦੀ ਰੋਟੀ ਖਾਂਦਾ। ਬਿ੍ਰਗੇਡੀਅਰ ਐੱਸ.ਪੀ. ਵੋਹਰਾ ਦੇ ਹੁਕਮਾਂ ਸਦਕਾ ਉਸ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ। ਉਸ ਨੂੰ ਚੰਗੀ ਖ਼ੁਰਾਕ ਤੇ ਅਭਿਆਸ ਦਾ ਸਮਾਂ ਮਿਲ ਗਿਆ।

 

ਪੂਰਾ ਪਰਿਵਾਰ ਜੁੜਿਆ ਹੈ ਖੇਡਾਂ ਨਾਲ

 

ਮਿਲਖਾ ਸਿੰਘ ਦਾ ਵਿਆਹ 4 ਮਈ 1963 ਵਿਚ ਨਿੰਮੀ ਨਾਲ ਹੋਇਆ। ਉਸ ਸਮੇਂ ਖੇਡ ਮਹਿਕਮੇ ਦਾ ਮਿਲਖਾ ਸਿੰਘ ਡਿਪਟੀ ਡਾਇਰੈਕਟਰ ਸੀ ਤੇ ਨਿੰਮੀ ਸਹਾਇਕ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ। ਇਨ੍ਹਾਂ ਦਾ ਵਿਚੋਲਾ ਉਸ ਸਮੇਂ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਸੀ। ਨਿੰਮੀ ਵੀ ਭਾਰਤੀ ਔਰਤਾਂ ਦੀ ਵਾਲੀਵਾਲ ਦੀ ਟੀਮ ਦੀ ਕਪਤਾਨ ਸੀ। ਇਨ੍ਹਾਂ ਦਾ ਮੇਲ ਪਹਿਲੀ ਵਾਰ 1956 ਨੂੰ ਕੋਲੰਬੋ ਵਿਚ ਹੋਇਆ ਸੀ।

 

ਉਨ੍ਹਾਂ ਦੇ ਬੱਚੇ ਬੇਟੀਆਂ ਅਲੀਜ਼ਾ, ਮੋਨਾ, ਸੋਨੀਆ ਅਤੇ ਬੇਟੇ ਦਾ ਨਾਂ ਚਿਰੰਜੀਵ ਮਿਲਖਾ ਸਿੰਘ ਹੈ। ਉਨ੍ਹਾਂ ਦੀਆਂ ਧੀਆਂ ਅਲੀਜ਼ਾ ਤੇ ਮੋਨਾ ਬਹੁਤ ਵਧੀਆ ਤੈਰਾਕ ਰਹੀਆਂ, ਸੋਨੀਆ ਕਮਾਲ ਦੀ ਟੈਨਿਸ ਖਿਡਾਰੀ ਰਹੀ ਅਤੇ ਉਨ੍ਹਾਂ ਦਾ ਬੇਟਾ ਜੀਵ ਮਿਲਖਾ ਸਿੰਘ ਚੰਗਾ ਦੌੜਾਕ ਤੇ ਸਕੂਲ ਦੀ ਕਿ੍ਰਕਟ ਟੀਮ ਦਾ ਕਪਤਾਨ ਰਿਹਾ। ਜੀਵ ਮਿਲਖਾ ਸਿੰਘ ਨੂੰ 1999 ’ਚ ਅਰਜਨ ਐਵਾਰਡ ਅਤੇ 2007 ’ਚ ਪਦਮਸ੍ਰੀ ਮਿਲਿਆ। ਸਾਰੇ ਬੱਚੇ ਸੈੱਟ ਹਨ। ਉੱਡਣਾ ਸਿੱਖ ਮਿਲਖਾ ਸਿੰਘ ਆਪਣੇ ਪਰਿਵਾਰ ਨਾਲ ਖ਼ੁਸ਼ੀਆਂ ਭਰੀ ਜ਼ਿੰਦਗੀ ਜੀ ਰਿਹਾ ਸੀ। ਉਸ ਨੇ ਚੰਡੀਗੜ੍ਹ ’ਚ ਮਿਲਖਾ ਸਿੰਘ ਚੈਰੀਟੇਬਲ ਟਰੱਸਟ ਖੋਲ੍ਹਿਆ ਹੋਇਆ ਸੀ। ਉਹ ਇਸ ਟਰੱਸਟ ਵੱਲੋਂ ਲੋਕ ਭਲਾਈ ਦੇ ਕੰਮਾਂ ਨੂੰ ਚਲਾਉਣ ’ਚ ਰੁੱਝਿਆ ਰਹਿੰਦਾ ਸੀ। ਉਹ ਲੋੜਵੰਦਾਂ ਖ਼ਾਸ ਕਰਕੇ ਗ਼ਰੀਬ ਖਿਡਾਰੀਆਂ ਦੀ ਇਮਦਾਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਭਾਰਤ ਦਾ ਮਹਾਨ ਅਥਲੀਟ ਮਿਲਖਾ ਸਿੰਘ ਤੇ ਉਸ ਦੀ ਪਤਨੀ ਵਾਲੀਵਾਲ ਦੀ ਸਾਬਕਾ ਕੌਮੀ ਕਪਤਾਨ ਨਿਰਮਲ ਕੌਰ ਨਿੰਮੀ ਭਾਵੇਂ ਸਾਡੇ ਵਿਚਕਾਰ ਨਹੀਂ ਰਹੀ ਪਰ ਇਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ’ਤੇ ਹਮੇਸ਼ਾ ਭਾਰਤ ਨੂੰ ਮਾਣ ਰਹੇਗਾ।

 

ਬਚਪਨ ਤੋਂ ਹੀ ਦੌੜਾਂ ਦਾ ਆਰੰਭ

 

ਮਿਲਖਾ ਸਿੰਘ ਨੂੰ ਨਾਲ ਦੇ ਪਿੰਡ ਸਕੂਲ ਵਿਚ ਮਾਸਟਰ ਮੌਲਵੀ ਗ਼ੁਲਾਮ ਮੁਹੰਮਦ ਕੋਲ ਪੜ੍ਹਨੇ ਪਾਇਆ ਗਿਆ। ਉਸ ਸਮੇ ਬੱਚੇ ਲਾਈਨਾਂ ’ਚ ਤੱਪੜਾਂ ’ਤੇ ਬੈਠਦੇ ਸਨ। ਮਾਸਟਰ ਹਿਸਾਬ ਤੇ ਉਰਦੂ ਪੜ੍ਹਾਉਂਦਾ ਸੀ। ਪੰਜਵੀਂ ਪਾਸ ਕਰਨ ਤੋਂ ਬਾਅਦ ਉਸ ਨੂੰ ਕੋਟ ਅੱਦੂ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ, ਜੋ ਗੋਬਿੰਦਪੁਰਾ ਤੋਂ 7 ਮੀਲ ਦੂਰ ਸੀ। ਘਰ ਤਂੋ ਸਕੂਲ ਤਕ ਦਾ ਪੈਂਡਾ ਤੈਅ ਕਰਨ ਵਿਚ ਲਗਭਗ ਦੋ ਘੰਟੇ ਲੱਗ ਜਾਂਦੇ ਸਨ। ਸਿਆਲ ’ਚ ਠੰਢ ਨਾਲ ਕੱਕਰ ਜੰਮ ਜਾਂਦਾ, ਹੱਥ ਪੈਰ ਸੁੰਨ ਹੋ ਜਾਂਦੇ ਤੇ ਕਈ ਵਾਰ ਧੁੰਦ ਬਹੁਤ ਸੰਘਣੀ ਹੋਣ ਨਾਲ ਡੰਡੀ ਹੀ ਭੁੱਲ ਜਾਂਦਾ ਤੇ ਗਰਮੀ ਵਿਚ ਤਿੱਖੀ ਧੁੱਪ ’ਚ ਜਦੋਂ ਸੂਰਜ ਦਾ ਗੋਲਾ ਧਰਤੀ ’ਤੇ ਅੱਗ ਵਰ੍ਹਾਉਂਦਾ ਤਾਂ ਧੱੁਪ ਤੋਂ ਬਚਣ ਲਈ ਇਕ ਦਰੱਖਤ ਤੋਂ ਭੱਜ ਕੇ ਦੂਜੇ ਦਰੱਖਤ ਹੇਠ ਜਾਣਾ, ਪੈਰਾਂ ਦੀਆਂ ਤਲੀਆਂ ’ਤੇ ਛਾਲੇ ਹੋ ਜਾਂਦੇ। ਅਸਲ ਵਿਚ ਇਹੀ ਮਿਲਖਾ ਸਿੰਘ ਦੀਆਂ ਦੌੜਾਂ ਦਾ ਆਰੰਭ ਸੀ।

 

ਤੋੜੇ ਕਈ ਰਿਕਾਰਡ

 

ਮਿਲਖਾ ਸਿੰਘ ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜਿਹੀਆਂ ਸ਼ਖ਼ਸੀਅਤਾਂ ਦੀਆਂ ਦੋਸਤਾਨਾ ਗਲਵਕੜੀਆਂ ਪਾਉਣਾ ਵੀ ਨਸੀਬ ਹੋਇਆ। ਉਸ ਨੇ ਨੇ 80 ਅੰਤਰਰਾਸ਼ਟਰੀ ਦੌੜਾਂ ਵਿੱਚੋਂ 77 ਦੌੜਾ ਜਿੱਤੀਆਂ। ਉਸ ਨੇ 400 ਮੀਟਰ ਦੇ ਪੁਰਾਣੇ ਰਿਕਾਰਡ ਤੋੜੇ ਤੇ ਨਵਂੇ ਸਥਾਪਤ ਕੀਤੇ। ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਨ ਨੇ ਉਸ ਨੂੰ ‘ਫਲਾਇੰਗ ਸਿੱਖ’ (ਉੱਡਣਾ ਸਿੱਖ) ਦੇ ਖਿਤਾਬ ਨਾਲ ਨਵਾਜਿਆ ਕਿਉਂਕਿ ਉਹ ਸੋਚਦਾ ਸੀ ਕਿ ਮਿਲਖਾ ਸਿੰਘ ਦੌੜਦਾ ਨਹੀਂ ਸਗੋਂ ਉੱਡਦਾ ਹੈ। ਉਸ ਨੇ ਅਣਗਿਣਤ ਸੋਨੇ, ਚਾਂਦੀ, ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦਾ ਦੁਨੀਆ ’ਚ ਨਾਂ ਉੱਚਾ ਕੀਤਾ।

 

ਦੋ ਘਟਨਾਵਾਂ ਨੇ ਮਾਰੀ ਦਿਲ ਨੂੰ ਸੱਟ
ਉੱਡਣਾਸਿੱਖ ਨੂੰ ਜ਼ਿੰਦਗੀ ਦੀਆਂ ਦੋ ਵੱਡੀਆਂ ਘਟਨਾਵਾਂ ਹਮੇਸ਼ਾ ਦਿਲਗੀਰ ਕਰੀ ਰੱਖਦੀਆਂ ਸਨ। ਪਹਿਲੀ ਸੀ 1947 ’ਚ ਵੰਡ ਦੌਰਾਨ ਪਰਿਵਾਰ ਦਾ ਕਤਲੇਆਮ ਤੇ ਦੁੂਜਾ ਰੋਮ ਵਿਚ ਹੋਈ ਆਪਣੀ ਹਾਰ। ਉਸ ਨੇ ਸੇਵਾਮੁਕਤ ਹੋਣ ਤੋਂ ਫੌਰਨ ਬਾਅਦ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਅਥਲੀਟ ਉਸ ਦਾ ਓਲੰਪਿਕਸ ’ਚ 45-6 ਸਕਿੰਟ ਦਾ ਰਿਕਾਰਡ ਤੋੜੇਗਾ, ਉਸ ਨੂੰ ਦੋ ਲੱਖ ਰੁਪਏ ਦਾ ਇਨਾਮ ਦੇਵੇਗਾ, ਜੋ ਅਜੇ ਤੱਕ ਕਿਸੇ ਦੇ ਹਿੱਸੇ ਨਹੀਂ ਆਇਆ।

 

 

Related posts

ਇੰਡੀਆ ਓਪਨ ਬੈਡਮਿੰਟਨ ਖਿਤਾਬ ਜਿੱਤਣ ‘ਤੇ ਪੀਵੀ ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ

On Punjab

ਕੀ ਰੱਦ ਹੋਵੇਗਾ IPL ਸੀਜ਼ਨ? ਟੀਮ ਮਾਲਕਾਂ ਨੇ ਲਏ ਕੁੱਝ ਵੱਡੇ ਫੈਸਲੇ

On Punjab

ਵਿਆਹ ‘ਚ IPL ਦਾ ਰੌਲਾ, ਮੈਚ ਦੇਖਦੇ ਲੋਕ ਲਾੜਾ-ਲਾੜੀ ਨੂੰ ਸ਼ਗਨ ਪਾਉਣਾ ਹੀ ਭੁੱਲੇ, ਵੀਡੀਓ ਵਾਇਰਲ

On Punjab