ਸਾਇੰਸ ਦੀਆਂ ਬੇਅੰਤ ਨਵੀਆਂ ਕਾਢਾਂ ਵੇਖ ਕੇ ਸਾਧਾਰਨ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਮਨੁੱਖ ਨੇ ਕਿੰਨੀ ਹੀ ਤਰੱਕੀ ਕਰ ਲਈ ਹੈ ਇਸ ਨੇ ਕਈ ਗੱਲਾਂ ਸਿੱਖ ਲਈਆਂ ਹਨ ਪਰ ਜਦੋਂ ਇਸ ਦੇ ਸ਼ਖ਼ਸੀ ਜੀਵਨ ਵੱਲ ਧਿਆਨ ਮਾਰੀਏ ਤਾਂ ਨਿਰਾਸ਼ਤਾ ਜਿਹੀ ਆਉਦੀ ਹੈ ਕਿ ਇੰਨੀ ਉੱਨਤੀ ਕਰ ਜਾਣ ਦੇ ਬਾਅਦ ਮਨੁੱਖ ਦੁੱਖਾਂ ਤੋਂ ਬਚਣ ਦਾ ਤਰੀਕਾ ਨਹੀਂ ਸਿੱਖ ਸਕਿਆ। ਸਗੋਂ ਇਹ ਆਖਣਾ ਸ਼ਾਇਦ ਗ਼ਲਤ ਨਹੀਂ ਹੋਵੇਗਾ ਕਿ ਜਿਉ-ਜਿਉ ਮਨੁੱਖ ਨੇ ਵਧੀਕ ਸਿਆਣਪਾਂ ਸਿੱਖੀਆਂ ਹਨ, ਉਦੋਂ ਤੋਂ ਇਸ ਦੇ ਦੁੱਖੜੇ ਵਧਦੇ ਗਏ ਹਨ। ਉਦਾਸੀ ਚਿੰਤਾ ਆਦਿਕ ਤੋਂ ਬਚਣ ਲਈ ਮਨੁੱਖ ਨੇ ਸੈਂਕੜੇ ਕਾਢਾਂ ਕੱਢੀਆਂ ਹਨ, ਸੁੱਖ ਦੇ ਸਾਮਾਨ ਬਥੇਰੇ ਬਣਾਏ ਹਨ, ਪਰ ਸਫਲਤਾ ਨਹੀਂ ਮਿਲੀ।
ਜ਼ਿੰਦਗੀ ਵਿਚ ਸਾਨੂੰ ਕਈ ਦੁੱਖ-ਕਲੇਸ਼ ਸਹਾਰਨੇ ਪੈਂਦੇ ਹਨ, ਕਈ ਘਟਨਾਵਾਂ ਸਾਡੇ ਨਾਲ ਵਾਪਰਦੀਆਂ ਹਨ, ਪਰ ਹਰੇਕ ਘਟਨਾ ਦੀ ਅਸਲੀਅਤ ਸਾਰੀ ਦੀ ਸਾਰੀ ਅਸੀਂ ਨਹੀਂ ਸਮਝ ਸਕਦੇ, ਓਨੀ ਹੀ ਵੇਖ ਸਕਦੇ ਹਾਂ, ਅਨੁਭਵ ਕਰ ਸਕਾਂਗੇ ਜਿੰਨੀ ਨਾਲ ਸਾਨੂੰ ਵਾਹ ਪੈਂਦਾ ਹੈ ਜਾਂ ਓਨੇ ਹੀ ਚਿਰ ਲਈ ਅਸੀਂ ਉਸ ਨੂੰ ਅਨੁਭਵ ਕਰ ਸਕਾਂਗੇ, ਜਿੰਨਾ ਚਿਰ ਉਹ ਘਟਨਾ ਜਾਂ ਦੁੱਖ ਸਾਡੇ ਸਾਹਮਣੇ ਹੈ। ਕਈ ਕਲੇਸ਼ ਐਸੇ ਆਉਦੇ ਹਨ, ਜੋ ਕੁਝ ਸਮਾਂ ਗੁਜ਼ਰਨ ਤੇ ਸਗੋਂ ਕੋਈ ਲੁਕਵੀਂ ਬਰਕਤ ਸਾਬਤ ਹੁੰਦੇ ਹਨ।
