ਅਮਰੀਕਾ ਤੇ ਕੈਨੇਡਾ ਦੇ ਪੱਛਮ ’ਚ ਤਾਪਮਾਨ ਇਨ੍ਹੀਂ ਦਿਨੀ ਹਰ ਰੋਜ਼ ਇਕ ਨਵਾਂ ਰਿਕਾਰਡ ਬਣਾ ਰਿਹਾ ਹੈ। ਜ਼ਬਰਦਸਤ ਲੂ ਦੇ ਥਪੇੜੇ ਅਮਰੀਕਾ ’ਚ ਹੁਣ ਤਕ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਪੱਛਮੀ ਅਮਰੀਕਾ ’ਚ ਲਗਾਤਾਰ ਤੀਜੇ ਦਿਨ ਵੀ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ ਹੈ। ਕੈਲੀਫੋਰਨੀਆ ਦੀ ਮਸ਼ਹੂਰ ਡੈੱਥ ਵੈਲੀ ’ਚ ਐਤਵਾਰ ਨੂੰ ਤਾਪਮਾਨ 54 ਡਿਗਰੀ ਸੈਲਸੀਅਸ (ਕਰੀਬ 130 ਡਿਗਰੀ ਫਾਰੇਨਹਾਈਟ) ਦਰਜ ਕੀਤਾ ਗਿਆ ਹੈ। ਇਸ ਕਾਰਨ ਇਹ ਇਲਾਕਾ ਇਕ ਵਾਰ ਫਿਰ ਧਰਤੀ ਦਾ ਸਭ ਤੋਂ ਗਰਮ ਹਿੱਸਾ ਬਣ ਗਿਆ ਹੈ। ਉੱਥੇ ਹੀ ਪੱਛਮੀ ਕੈਨੇਡਾ ’ਚ ਤਾਪਮਾਨ 92 ਡਿਗਰੀ ਫਾਰੇਨਹਾਈਟ (32 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ ਹੈ। ਇੱਥੇ ਕਈ ਥਾਵਾਂ ’ਤੇ ਜੰਗਲਾਂ ’ਚ ਜ਼ਬਰਦਸਤ ਅੱਗ ਲੱਗੀ ਹੋਈ ਹੈ। ਇਸ ਕਾਰਨ ਲੋਕਾਂ ਨੂੰ ਇੱਥੋਂ ਬਾਹਰ ਜਾਣ ਨੂੰ ਕਿਹਾ ਗਿਆ ਹੈ।
ਅਮਰੀਕਾ ਦੇ ਡੈੱਥ ਵੈਲੀ ਦੇ ਕੇਂਦਰ ’ਚ ਮੌਜੂਦ ਫਰਨੇਸ ਕ੍ਰੀਕ ਵਿਜ਼ੀਟਰਸ ਸੈਂਟਰ ਦੇ ਬਾਹਰ ਲੱਗੇ ਥਰਮਾਮੀਟਰ ’ਚ ਇਹ ਤਾਪਮਾਨ 134 ਡਿਗਰੀ ਫਾਰੇਨਹਾਈਟ ਤਕ ਪਹੁੰਚ ਚੁੱਕਿਆ ਹੈ। ਇਸ ਨੂੰ ਜਦੋਂ ਜਾਂਚਿਆ ਗਿਆ ਤਾਂ ਇਹ ਧਰਤੀ ’ਤੇ ਸਭ ਤੋਂ ਵੱਧ ਤਾਪਮਾਨ ਸੀ। ਐਤਵਾਰ ਦੁਪਹਿਰ ਇਹ ਵਧ ਕੇ 178 ਡਿਗਰੀ ਫਾਰੇਨਹਾਈਟ ਤਕ ਜਾ ਪੁੱਜਿਆ ਸੀ। ਇੱਥੇ ਪਹੁੰਚ ਕੇ ਐਰੀਜ਼ੋਨਾ ਦੇ ਰਿਚਰਡ ਰੇਡਰ ਨੇ ਦੱਸਿਆ ਕਿ ਉਹ ਇੱਥੇ ਇਹ ਦੇਖਣ ਆਏ ਸਨ ਕਿ ਇਹ ਕਿਵੇਂ ਹੁੰਦਾ ਹੈ। ਐਤਵਾਰ ਨੂੰ ਰਿਚਰਡ ਡੈੱਥ ਵੈਲੀ ’ਚ ਕਰੀਬ 10 ਮੀਲ ਦੀ ਦੂਰੀ ਤਕ ਇੱਥੇ ਆਏ ਸਨ।
ਇੱਥੇ ਆਉਣ ਵਾਲੇ ਦੂਜੇ ਸੈਲਾਨੀ ਵੀ ਸਿਰਫ਼ ਇੱਥੇ ਤਾਪਮਾਨ ਮੀਟਰ ਦੇ ਸਾਹਮਣੇ ਖੜ੍ਹੇ ਹੋ ਕੇ ਫੋਟੋ ਖਿਚਵਾਉਣ ਲਈ ਆਪਣੀ ਕਾਰ ਤੋਂ ਬਾਹਰ ਨਿਕਲ ਰਹੇ ਸਨ। ਪੂਰੇ ਪੈਸੇਫਿਕ ਨਾਰਥਵੈਸਟ ਦਾ ਕਰੀਬ ਇਹੀ ਹਾਲ ਹੈ। ਦੱਖਣੀ ਓਰੇਗਾਨ ’ਚ ਕਈ ਲੋਕਾਂ ਦੀ ਜਾਨ ਜ਼ਬਰਦਸਤ ਗਰਮੀ ਕਾਰਨ ਹੁਣ ਤਕ ਜਾ ਚੁੱਕੀ ਹੈ। ਇਸ ਗਰਮੀ ’ਚ ਇੱਥੋਂ ਦੇ ਘਰਾਂ ’ਚ ਬਿਜਲੀ ਜਾਣ ਦਾ ਵੀ ਡਰ ਲੱਗਿਆ ਹੋਇਆ ਹੈ।
ਅਮਰੀਕਾ ਦੇ ਨੈਸ਼ਨਲ ਵੈਦਰ ਸਰਵਿਸ ਨੇ ਹੋਰ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਐੱਨਡਬਲਯੂਐੱਸ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨ ਹੋਰ ਗਰਮ ਹੋ ਸਕਦੇ ਹਨ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਵਧਦਾ ਤਾਪਮਾਨ ਲੋਕਾਂ ਦੀ ਸਿਹਤ ਤੇ ਉਨ੍ਹਾਂ ਦੀ ਜਾਨ ਦਾ ਵੀ ਦੁਸ਼ਮਣ ਬਣ ਸਕਦਾ ਹੈ। ਇਸ ਲਈ ਬਜ਼ੁਰਗਾਂ ਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਿਆ ਜਾਵੇ।